ਲੰਡਨ (ਵਿਕਰਮ ਸਹਿਜਪਾਲ) : ਸ਼ਨਿੱਚਰਵਾਰ ਨੂੰ ਭਾਰਤ ਅਤੇ ਸ੍ਰੀਲੰਕਾ ਦੇ ਮੈਚ ਦੌਰਾਨ ਹਵਾਈ ਜਹਾਜ਼ ਰਾਹੀਂ ਭਾਰਤ ਵਿਰੋਧੀ ਬੈਨਰ ਲਹਿਰਾਏ ਗਏ ਜਿਨ੍ਹਾਂ ਵਿਚੋਂ ਇਕ ਕਸ਼ਮੀਰ ਦੀ ਆਜ਼ਾਦੀ ਨਾਲ ਸਬੰਧਤ ਸੀ ਜਦਕਿ ਦੂਜੇ ਰਾਹੀਂ ਭੀੜ ਵੱਲੋਂ ਮੁਸਲਮਾਨਾਂ ਦੇ ਕਤਲ ਦੇ ਰੁਝਾਨ ਦਾ ਵਿਰੋਧ ਕੀਤਾ ਗਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਘਟਨਾਕ੍ਰਮ ਦੀ ਕੌਮਾਂਤਰੀ ਕ੍ਰਿਕਟ ਕੌਂਸਲ ਕੋਲ ਸ਼ਿਕਾਇਤ ਕੀਤੀ ਹੈ। ਆਈ.ਸੀ.ਸੀ. ਨੂੰ ਲਿਖੇ ਪੱਤਰ ਵਿਚ ਭਾਰਤੀ ਖਿਡਾਰੀਆਂ ਦੀ ਸੁਰੱਖਿਆ ਪ੍ਰਤੀ ਚਿੰਤਾ ਜ਼ਾਹਰ ਕੀਤੀ ਗਈ।
ਦੱਸ ਦੇਈਏ ਕਿ ਹੈਡਿੰਗਲੇ ਸਟੇਡੀਅਮ ਵਿਚ ਭਾਰਤ ਅਤੇ ਸ੍ਰੀਲੰਕਾ ਦਾ ਮੈਚ ਸ਼ੁਰੂ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ ਅਸਮਾਨ ਵਿਚ ਇਕ ਹਵਾਈ ਜਹਾਜ਼ ਨਜ਼ਰ ਆਇਆ ਜਿਸ ਦੇ ਪਿੱਛੇ ਇਕ ਬੈਨਰ ਲਟਕ ਰਿਹਾ ਸੀ। ਬੈਨਰ 'ਤੇ ਲਿਖਿਆ ਸੀ, ''ਜਸਟਿਸ ਫ਼ੌਰ ਕਸ਼ਮੀਰ।'' ਫਿਰ ਅੱਧਾ ਘੰਟੇ ਲੰਘਣ ਮਗਰੋਂ ਉਹੀ ਹਵਾਈ ਜਹਾਜ਼ ਮੁੜ ਸਟੇਡੀਅਮ ਦੇ ਉਪਰੋਂ ਲੰਘਿਆ ਅਤੇ ਇਸ ਵਾਰ ਉਸ ਦੇ ਪਿੱਛੇ ਲਟਕ ਰਹੇ ਬੈਨਰ 'ਤੇ ਲਿਖਿਆ ਸੀ, ''ਇੰਡੀਆ ਸਟੌਪ ਜੀਨੋਸਾਈਡ, ਫ਼ਰੀ ਕਸ਼ਮੀਰ।'' ਭਾਵ, ਭਾਰਤ ਸਰਕਾਰ ਨਸਲਕੁਸ਼ੀ ਬੰਦ ਕਰੇ ਅਤੇ ਕਸ਼ਮੀਰ ਨੂੰ ਆਜ਼ਾਦ ਕੀਤਾ ਜਾਵੇ।