ਉਨਟਾਰੀਓ (ਐਨ.ਆਰ.ਆਈ. ਮੀਡਿਆ) : ਪੂਰੀ ਦੁਨੀਆਂ 'ਚ ਇਸ ਵੇਲੇ ਕੋਰੋਨਾ ਦਾ ਖੇਰ ਜਾਰੀ ਹੈ ਤੇ ਸਾਰੇ ਮੁਲਕ ਇਸ ਵਕਤ ਕੋਰੋਨਾ ਵੈਕਸੀਨ ਦੀ ਭਾਲ ਕਰ ਰਹੇ ਪਰ ਓਥੇ ਹੀ ਦਵਾਈਆਂ ਬਣਾਉਣ ਵਾਲੀ ਕੰਪਨੀ ਫਾਈਜ਼ਰ ਦਾ ਕਹਿਣਾ ਹੈ ਕਿ ਉਸ ਦੀ ਕਰੋਨਾਵਾਇਰਸ ਵੈਕਸੀਨ ਸਬੰਧੀ ਡਾਟਾ ਉੱਤੇ ਮੁੱਢਲੀ ਝਾਤੀ ਮਾਰੇ ਜਾਣ ਤੋਂ ਇਹ ਸਾਹਮਣੇ ਆਇਆ ਹੈ ਕਿ ਇਹ ਵੈਕਸੀਨ 90% ਅਸਰਦਾਰ ਹੈ।
ਕੰਪਨੀ ਦਾ ਦਾਅਵਾ ਹੈ ਕਿ ਜਿਸ ਤਰ੍ਹਾਂ ਇਸ ਦੇ ਨਤੀਜੇ ਆਉਣ ਦੀ ਸੰਭਾਵਨਾ ਸੀ ਉਸ ਨਾਲੋਂ ਵੀ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਤਥਾ ਕਥਿਤ ਅੰਤਰਿਮ ਵਿਸ਼ਲੇਸ਼ਣ ਵਿੱਚ ਕੋਵਿਡ-19 ਦੇ 94 ਪੁਸ਼ਟ ਮਾਮਲਿਆਂ ਦੀ ਜਾਂਚ ਕੀਤੀ ਗਈ। ਇਹ ਮਾਮਲੇ 43000 ਉਨ੍ਹਾਂ ਵਾਲੰਟੀਅਰਜ਼ ਵਿੱਚੋਂ ਸਨ ਜਿਨ੍ਹਾਂ ਨੇ ਇਸ ਵੈਕਸੀਨ ਦੀਆਂ ਦੋ ਡੋਜ਼ਾਂ ਲਈਆਂ ਸਨ ਤੇ ਜਾਂ ਫਿਰ ਉਨ੍ਹਾਂ ਨੂੰ ਪਲੇਸੀਬੋ ਦਿੱਤੀ ਗਈ ਸੀ। ਇਹ ਪਾਇਆ ਗਿਆ ਕਿ ਇਹ ਇਨਫੈਕਸ਼ਨ ਇਸ ਟੈਸਟ ਵਿੱਚ ਹਿੱਸਾ ਲੈਣ ਵਾਲੇ ਵਾਲੰਟੀਅਰਜ਼ ਵਿੱਚੋਂ 10% ਵਿੱਚ ਸੀ।
ਦੱਸ ਦਈਏ ਕਿ ਫਾਈਜ਼ਰ ਨੇ ਆਖਿਆ ਕਿ ਵੈਕਸੀਨ ਕਾਰਨ ਦੂਜੀ ਡੋਜ਼ ਤੋਂ ਸੱਤ ਦਿਨ ਬਾਅਦ ਅਤੇ ਵੈਕਸੀਨ ਦੀ ਸ਼ੁਰੂਆਤੀ ਡੋਜ਼ ਤੋਂ 28 ਦਿਨ ਬਾਅਦ ਪ੍ਰੋਟੈਕਸ਼ਨ ਮੁਹੱਈਆ ਕਰਵਾਈ ਗਈ। ਕੰਪਨੀ ਨੇ ਇਹ ਵੀ ਆਖਿਆ ਕਿ ਇਨ੍ਹਾਂ ਟ੍ਰਾਇਲਜ਼ ਦਾ ਫਾਈਨਲ ਟੀਚਾ ਕਰੋਨਾਵਾਇਰਸ ਇਨਫੈਕਸ਼ਨ ਦੇ 164 ਪੁਸ਼ਟ ਮਾਮਲਿਆਂ ਤੱਕ ਪਹੁੰਚਣਾ ਹੈ।