ਸੰਗਰੂਰ : ਜ਼ਿਲ੍ਹੇ ਦੇ ਭਗਵਾਨਪੁਰਾ ਪਿੰਡ ਵਿਚ ਬੋਰਵੈੱਲ 'ਚ ਡਿੱਗੇ ਦੋ ਸਾਲ ਦੇ ਬੱਚੇ ਫ਼ਤਹਿਵੀਰ ਸਿੰਘ ਦੀ ਮੌਤ ਕਾਰਨ ਭੜਕਿਆ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ। ਬੁੱਧਵਾਰ ਨੂੰ ਵੀ ਲੋਕ ਸੜਕਾਂ 'ਤੇ ਉੱਤਰ ਆਏ। ਵੱਖ-ਵੱਖ ਸੰਗਠਨਾਂ ਦੇ ਮੈਂਬਰ ਤੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਅੱਜ ਸੰਗਰੂਰ ਬੰਦ ਰੱਖਿਆ ਗਿਆ ਹੈ। ਸ਼ਹਿਰ ਵਿਚ ਦੁਕਾਨਾਂ ਤੇ ਬਾਜ਼ਾਰ ਬੰਦ ਹਨ। ਪ੍ਰਦਰਸ਼ਨਕਾਰੀ ਬੱਚੇ ਦੀ ਮੌਤ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਫ਼ਸਰਾਂ ਅਤੇ ਡੀਸੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਉਹ ਡੀਸੀ ਅਤੇ ਹੋਰ ਅਫ਼ਸਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।
ਬੁੱਧਵਾਰ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਤਰਕਸ਼ੀਲ ਸੁਸਾਇਟੀ ਸਮੇਤ ਦਰਜਨਾਂ ਸੰਗਠਨਾਂ ਵੱਲੋਂ ਮੁਕੰਮਲ ਸੰਗਰੂਰ ਬੰਦ ਦੇ ਸੱਦੇ ਤਹਿਤ ਸ਼ਹਿਰ ਬੰਦ ਕਰਵਾਇਆ ਗਿਆ। ਸਥਾਨਕ ਮਹਾਵੀਰ ਚੌਕ 'ਚ ਜਮ੍ਹਾਂ ਹੋਏ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਹਿਰ 'ਚ ਮੋਟਰਸਾਈਕਲ ਮਾਰਚ ਕੱਢਿਆ ਤੇ ਸਿੱਧੇ ਡੀਸੀ ਦੀ ਕੋਠੀ ਸਾਹਮਣੇ ਪਹੁੰਚੇ। ਉਨ੍ਹਾਂ ਡੀਸੀ ਦੀ ਰਿਹਾਇਸ਼ ਦੇ ਬਾਹਰ ਜ਼ਬਰਦਸਤ ਨਾਅਰੇਬਾਜ਼ੀ ਕੀਤੀ।