ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਂਦਰੀ ਉਦਯੋਗ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਪੰਜਾਬ ਵਿਚ ਲੋਕ ਬਦਲਾਅ ਚਾਹੁੰਦੇ ਸਨ ਪਰ ਜਿਸ ਬਦਲਾਅ ਤੋਂ ਬਾਅਦ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਨਾਲ ਲੋਕਾਂ ਵਿਚ ਨਿਰਾਸ਼ਾ ਹੈ ਅਤੇ ਲੋਕਾਂ ਦੇ ਸੁਪਨਿਆਂ ’ਤੇ ਪਾਣੀ ਫਿਰ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਤੋਂ ਬਿਨਾਂ ਸੂਬਾ ਸਰਕਾਰ ਦਾ ਚੱਲਣਾ ਸੌਖਾ ਨਹੀਂ ਹੈ। ਕੇਂਦਰ ਤੇ ਸੂਬੇ ਮਿਲ ਕੇ ਹੀ ਬਿਹਤਰ ਤਰੀਕੇ ਨਾਲ ਸੂਬੇ ਨੂੰ ਵਿਕਾਸ ਅਤੇ ਹੋਰ ਸਹੂਲਤਾਂ ਦੇ ਸਕਦੇ ਹਨ।
ਇੰਡਸਟਰੀ ਲਈ ਕੀ ਯੋਜਨਾ
ਪੰਜਾਬ 'ਚ ਹੋਰ ਉਦਯੋਗਾਂ ਦੇ ਨਾਲ-ਨਾਲ ਜਲੰਧਰ ਦੀ ਸਪੋਰਟਸ ਅਤੇ ਲੈਦਰ ਇੰਡਸਟਰੀ ਸਾਰਿਆਂ ਲਈ ਕੇਂਦਰ ਸਰਕਾਰ ਕੋਲ ਕਈ ਯੋਜਨਾਵਾਂ ਹਨ ਪਰ ਇਨ੍ਹਾਂ ਯੋਜਨਾਵਾਂ ’ਤੇ ਤਾਂ ਹੀ ਕੰਮ ਹੋ ਸਕਦਾ ਹੈ ਜਦੋਂ ਸੂਬਾ ਸਰਕਾਰ ਵਲੋਂ ਕੋਈ ਪ੍ਰਸਤਾਵ ਭੇਜਿਆ ਜਾਂਦਾ ਹੈ। ਕਈ ਵੱਡੇ ਪ੍ਰਾਜੈਕਟਾਂ ਲਈ ਸੂਬਾ ਸਰਕਾਰ ਤੋਂ ਜ਼ਮੀਨ ਲੈਣ ਤੱਕ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਕੇਂਦਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਦਿੱਕਤਾਂ ਆਉਂਦੀਆਂ ਹਨ।
ਬਿਜਲੀ ਸੰਕਟ ਦਾ ਕੀ?
ਪੰਜਾਬ ਵਿਚ ਜਦੋਂ ਭਾਜਪਾ ਸੱਤਾ ਵਿਚ ਸੀ ਤਾਂ ਇਕ ਦੌਰ ਸੀ ਕਿ ਲੋਕ ਬਿਜਲੀ ਕੱਟ ਨਾਂ ਦਾ ਸ਼ਬਦ ਹੀ ਭੁੱਲ ਗਏ ਸਨ। ਲੋਕਾਂ ਨੇ ਇਨਵਰਟਰ ਬੰਦ ਕਰ ਕੇ ਰੱਖ ਦਿੱਤੇ ਸਨ ਪਰ ਹੁਣ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਲੋਕਾਂ ਨੂੰ ਸਭ ਕੁਝ ਫਿਰ ਤੋਂ ਯਾਦ ਕਰਵਾ ਦਿੱਤਾ ਹੈ। ਕਦੇ ਕਿਸੇ ਬਿਜਲੀ ਸਮਝੌਤੇ ਨੂੰ ਰੱਦ ਕਰਨਾ ਅਤੇ ਕਦੇ ਨਵੇਂ ਫੈਸਲੇ ਲੈਣਾ, ਇਹ ਸਭ ਕਹਿਣਾ ਤਾਂ ਸੌਖਾ ਹੈ ਪਰ ਕਰਨਾ ਬੇਹੱਦ ਮੁਸ਼ਕਲ ਹੈ।