ਲੁਧਿਆਣਾ (ਦੇਵ ਇੰਦਰਜੀਤ) : ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਪਾਰਟੀਆਂ ਜੋੜ-ਤੋੜ ਦੀ ਸਿਆਸਤ ਕਰਨ ’ਚ ਰੁੱਝ ਗਈਆਂ ਹਨ। ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਸਿਆਸੀ ਪਾਰਟੀਆਂ ਵੱਲੋਂ ਹਮਖਿਆਲ ਪਾਰਟੀਆਂ ਨਾਲ ਸਮਝੌਤਾ ਕਰਨ ਸਬੰਧੀ ਸੂਬੇ ’ਚ ਚੱਲ ਰਹੀ ਹਵਾ ਵਿਚਾਲੇ ਦੋ ਵਿਧਾਇਕਾਂ ਵਾਲੀ ਲੋਕ ਇਨਸਾਫ ਪਾਰਟੀ ਦੇ ਕਾਂਗਰਸ ’ਚ ਮਿਲਣ ਦੀ ਚਰਚਾ ਨੇ ਸਿਆਸਤ ’ਚ ਗਰਮਾਹਟ ਹੋਰ ਵਧਾ ਦਿੱਤੀ ਹੈ।
ਹਾਲਾਂਕਿ ਇਸ ਦੀ ਕੋਈ ਰਸਮੀ ਪੁਸ਼ਟੀ ਨਹੀਂ ਹੋਈ ਹੈ ਪਰ ਸੂਤਰਾਂ ਦੀ ਮੰਨੀਏ ਤਾਂ 27 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਹਿਲੀ ਲੁਧਿਆਣਾ ਫੇਰੀ ਦੌਰਾਨ ਲੋਕ ਇਨਸਾਫ ਪਾਰਟੀ ‘ਹੱਥ’ ਨਾਲ ਹੱਥ ਮਿਲਾ ਸਕਦੀ ਹੈ। ਦੱਸ ਦੇਈਏ ਕਿ ਪੰਜਾਬ ’ਚ ਇਕ ਸਾਲ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੇ ਸੂਬੇ ਦੀ ਸੱਤਾ ’ਤੇ ਕਾਬਜ਼ ਹੋਣ ਦਾ ਸੁਫ਼ਨਾ ਦੇਖ ਰਹੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਲਈ ਹਾਲਾਤ ਪੇਚੀਦਾ ਬਣਾ ਦਿੱਤੇ ਹਨ।
ਸ਼੍ਰੋਮਣੀ ਅਕਾਲੀ ਦਲ ਜੋ ਦਹਾਕਿਆਂ ਪੁਰਾਣੀ ਆਪਣੀ ਭਾਈਵਾਲ ਸਿਆਸੀ ਪਾਰਟੀ ਭਾਜਪਾ ਦਾ ਸਾਥ ਛੱਡ ਕੇ ਬਸਪਾ ਨਾਲ ਚੋਣ ਸਮਝੌਤਾ ਪਹਿਲਾਂ ਹੀ ਕਰ ਚੁੱਕੀ ਹੈ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਕਿਸਾਨ ਸੰਗਠਨ ਭਾਜਪਾ ਲੀਡਰਸ਼ਿਪ ਦਾ ਸ਼ਹਿਰਾਂ ਤੇ ਪਿੰਡਾਂ ’ਚ ਜੰਮ ਕੇ ਵਿਰੋਧ ਕਰ ਰਹੇ ਹਨ ਤੇ ਉਨ੍ਹਾਂ ਇਲਾਕਿਆਂ ’ਚ ਵੜਨ ਤਕ ਨਹੀਂ ਦੇ ਰਹੇ।
ਅਜਿਹੇ ’ਚ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੂਬੇ ’ਚ ਸੱਤਾ ਦਾ ਸੁੱਖ ਭੋਗ ਰਹੀ ਕਾਂਗਰਸ ਪਾਰਟੀ, ਜਿਸ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਮੁੱਖ ਮੰਤਰੀ ਬਾਦਲ ਨਵੀਂ ਕਹਾਣੀ ਲਿਖਣ ਦਾ ਯਤਨ ਕੀਤਾ ਹੈ। ਦੁਬਾਰਾ ਸੱਤਾ ’ਚ ਆਉਣ ਲਈ ਸੂਬੇ ’ਚ ਹਰ ਉਸ ਸਿਆਸੀ ਪਾਰਟੀ ਨੂੰ ਰੁਝਾਉਣ ਦੇ ਯਤਨ ਕਰਦੀ ਨਜ਼ਰ ਆਉਂਦੀ ਹੈ, ਜਿਸ ਦਾ ਚੋਣਾਂ ’ਚ ਉਨ੍ਹਾਂ ਨੂੰ ਫਾਇਦਾ ਮਿਲ ਸਕਦਾ ਹੈ।
ਪੰਜਾਬ ਕਾਂਗਰਸ ਦੀਆਂ ਨਿਗਾਹਾਂ ਲੋਕ ਇਨਸਾਫ ਪਾਰਟੀ ’ਤੇ ਲੱਗੀਆਂ ਹੋਈਆਂ ਹਨ, ਜਿਸ ਦੇ ਸੂਤਰਧਾਰ ਬੈਂਸ ਭਰਾ ਖੁਦ ਵੀ ਸੂਬੇ ’ਚ ਤੇਜ਼ੀ ਨਾਲ ਬਦਲ ਰਹੇ ਸਿਆਸੀ ਮੌਸਮ ’ਚ ਨਵੇਂ ਬਦਲ ਭਾਲ ਰਹੇ ਹਨ, ਦੋ ਵਿਧਾਇਕਾਂ ਵਾਲੀ ਲੋਕ ਇਨਸਾਫ ਪਾਰਟੀ ਦਾ ਚੋਣਾਂ ’ਚ ਰਿਕਾਰਡ ਦੇਖਿਆ ਜਾਵੇ ਤਾਂ ਲੁਧਿਆਣਾ ਦੀਆਂ ਕਈ ਸੀਟਾਂ ’ਤੇ ਉਹ ਵਧੀਆ ਪ੍ਰਭਾਵ ਪਾਉਣ ਦੀ ਸਥਿਤੀ ’ਚ ਹੈ।
ਪਾਰਟੀ ਪ੍ਰਮੁੱਖ ਤੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਮੌਜੂਦਾ ਕਾਂਗਰਸ ਲੀਡਰਸ਼ਿਪ ਨਾਲ ਵਧੀਆ ਸਬੰਧ ਕਿਸੇ ਤੋਂ ਲੁਕੇ ਨਹੀਂ ਹਨ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਕਰੀਬੀ ਵਿਧਾਇਕ ਤੇ ਕੈਬਨਿਟ ਮੰਤਰੀ ਪਰਗਟ ਸਿੰਘ ਨਾਲ ਜਿਥੇ ਬੈਂਸ ਦੀ ਦੋਸਤੀ ਜਗ ਜ਼ਾਹਿਰ ਹੈ, ਉਥੇ ਹੀ ਪੰਜਾਬ ਦੀ ਕੈਬਨਿਟ ਦੇ ਦੂਸਰੇ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਤਾਂ ਵਿਰੋਧੀ ਨੇਤਾ ਪਹਿਲਾਂ ਹੀ ਸਮੇਂ-ਸਮੇਂ ’ਤੇ ਬੈਂਸ ਦੀ ਪਿੱਠ ਥਪਥਪਾਉਣ ਦੇ ਦੋਸ਼ ਜਨਤਕ ਤੌਰ ’ਤੇ ਲੱਗਦੇ ਨਜ਼ਰ ਆ ਰਹੇ ਹਨ।