ਨਵੀਂ ਦਿੱਲੀ (Vikram Sehajpal) : ਤਨਖ਼ਾਹਾਂ ਸਬੰਧੀ ਚੱਲ ਰਹੇ ਵਿਵਾਦ ਨੂੰ ਲੈ ਕੇ ਏਅਰ ਇੰਡੀਆ ਪਾਇਲਟਾਂ ਦੀ ਯੂਨੀਅਨ ਨੇ ਭਾਰਤੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਕੰਪਨੀ ਦੇ ਪਾਇਲਟਾਂ ਨੂੰ ਕਰਜ਼ ਹੇਠ ਦੱਬੀ ਕੰਪਨੀ ਨੂੰ ਬਿਨਾਂ ਕਿਸੇ ਨੋਟਿਸ ਪੀਰੀਅਡ ਦੇ ਕੰਪਨੀ ਨੂੰ ਅਲਵਿਦਾ ਕਹਿਣ ਦੀ ਮੰਨਜ਼ੂਰੀ ਦੇਵੇ। ਜਾਣਕਾਰੀ ਮੁਤਾਬਕ ਜਿਵੇਂ ਹੀ ਭਾਰਤੀ ਸਰਕਾਰ ਨੇ ਇਸ ਕੌਮਾਂਤਰੀ ਹਵਾਈ ਜਹਾਜ਼ ਕੰਪਨੀ ਨੂੰ ਵੇਚਣ ਦੀ ਰੂਪ-ਰੇਖਾ ਤਿਆਰ ਕੀਤੀ ਸੀ ਤਾਂ ਭਾਰਤੀ ਕਮਰਿਸ਼ੀਅਲ ਪਾਇਲਟ ਐਸੋਸੀਏਸ਼ਨ ਨੇ ਭਾਰਤੀ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਉਹ ਕੰਪਨੀ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਵਿਚਕਾਰ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹਨ।
ਜਾਣਕਾਰੀ ਮੁਤਾਬਕ ਇਹ ਐਸੋਸੀਏਸ਼ਨ ਲਗਭਗ 800 ਪਾਇਲਟਾਂ ਦੇ ਗਰੁੱਪ ਹੈ ਜੋ ਕਿ ਛੋਟੇ ਜਹਾਜ਼ਾਂ ਨੂੰ ਉੜਾਉਂਦੇ ਹਨ।ਉਨ੍ਹਾਂ ਨੇ ਸਿਵਲ ਐਵੀਏਸ਼ਨ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਸਖ਼ਤ ਸ਼ਬਦਾਂ ਵਿੱਚ ਇੱਕ ਪੱਤਰ ਲਿਖਦਿਆਂ ਕਿਹਾ ਹੈ ਕਿ ਤੁਹਾਡਾ ਇਹ ਬਿਆਨ ਆਇਆ ਸੀ ਕਿ ਜੇ ਏਅਰ ਇੰਡੀਆ ਨੂੰ 31 ਮਾਰਚ 2020 ਤੱਕ ਨਿੱਜੀਕਰਨ ਨਹੀਂ ਕੀਤਾ ਗਿਆ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਕੰਪਨੀ ਦੇ ਭਵਿੱਖ ਦੀ ਅਨਿਸ਼ਚਿਤਾ ਨੂੰ ਲੈ ਕੇ ਪਾਇਲਟਾਂ ਦੇ ਇਸ ਗਰੁੱਪ ਨੇ ਮੰਤਰੀ ਤੋਂ ਇਸ ਗੱਲ ਦੀ ਪੁਸ਼ਟੀ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੰਧੂਆਂ ਕਿਰਤੀਆਂ ਦੀ ਤਰ੍ਹਾਂ ਨਾ ਰੱਖਿਆ ਜਾਵੇ ਅਤੇ ਏਅਰ ਇੰਡੀਆਂ ਨੂੰ ਬਿਨਾਂ ਕਿਸੇ ਨੋਟਿਸ ਪੀਰੀਅਡ ਦੇ ਉਨ੍ਹਾਂ ਨੂੰ ਛੱਡਣ ਦੀ ਆਗਿਆ ਦਿੱਤੀ ਜਾਵੇ ਅਤੇ ਸਾਰੇ ਬਕਾਏ ਅਦਾ ਕਰ ਦਿੱਤੇ ਜਾਣ।ਤੁਹਾਨੂੰ ਦੱਸ ਦਈਏ ਕਿ ਏਅਰ ਇੰਡੀਆ ਨੂੰ ਛੱਡਣ ਲਈ 6 ਮਹੀਨਿਆਂ ਦਾ ਨੋਟਿਸ ਪੀਰੀਅਡ ਦੇਣਾ ਪੈਂਦਾ ਹੈ ਅਤੇ ਏਅਰ ਇੰਡੀਆਂ ਉੱਤੇ ਲਗਭਗ 58,000 ਕਰੋੜ ਦਾ ਕਰਜ਼ਾ ਹੈ।