ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਮੁੱਖ ਆਗੂ ਪ੍ਰਤਾਪ ਸਿੰਘ ਬਾਜਵਾ ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਦਿੱਲੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦੇ ਵਿਚਕਾਰ ਹੋਏ 18 ਨੁਕਤੀ ਐਗਰੀਮੈਂਟ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਤੇ ਕਿਹਾ ਕਿ ਹੁਣ ਭਗਵੰਤ ਮਾਨ ਨੇ ਕੇਜਰੀਵਾਲ ਦੇ ਅੱਗੇ ਗੋਡੇ ਟੇਕ ਦਿੱਤੇ ਹਨ।
ਭਗਵੰਤ ਮਾਨ ਆਪਣਾ ਸੂਬਾ ਛੱਡ ਕੇ 2 ਦਿਨ ਤੋਂ ਦਿੱਲੀ ਵਿੱਚ ਦੌਰੇ ਕਰ ਰਹੇ ਹਨ, ਉੱਥੋਂ ਦੇ ਸਕੂਲ-ਕਾਲਜ ਦੇਖ ਰਹੇ ਹਨ। ਉਨ੍ਹਾਂ ਕਿਹਾ ਜਦੋਂ ਕਿ 2 ਵਾਰ ਮੈਂਬਰ ਪਾਰਲੀਮੈਂਟ ਰਹੇ ਹਨ, ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਸੀ, ਕੀ ਉਦੋਂ ਉਨ੍ਹਾਂ ਨੇ ਦਿੱਲੀ ਦੇ ਸਕੂਲ-ਕਾਲਜਾਂ ਦਾ ਦੌਰਾ ਕਿਉਂ ਨਹੀਂ ਕੀਤਾ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੀਲੀ ਪੱਗ ਬੰਨ੍ਹਣ ਨਾਲ ਕੋਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗਾ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ, ਇਸ ਦੀ ਦੁਰਵਰਤੋਂ ਦਿੱਲੀ ਸਰਕਾਰ ਕਰੇਗੀ, ਜਦੋਂ ਕਿ ਪੰਜਾਬ ਪਹਿਲਾਂ ਹੀ ਵੱਡੀ ਆਰਥਿਕ ਮੰਦਹਾਲੀ ਨਾਲ ਜੂਝ ਰਿਹਾ ਹੈ।