ਅੰਮ੍ਰਿਤਸਰ (ਹਰਮੀਤ) : ਪੈਰਿਸ ਓਲੰਪਿਕ 2024 ਵਿੱਚ ਖੇਡਦਿਆਂ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਭਾਰਤੀ ਟੀਮ ਫਾਈਨਲ 'ਚ ਜਗ੍ਹਾ ਬਣਾਉਣ 'ਚ ਨਾਕਾਮ ਰਹੀ। ਪਰ ਕਾਂਸੀ ਦਾ ਤਗਮਾ ਜਿੱਤ ਕੇ ਉਸ ਨੇ ਸਾਫ਼ ਕਰ ਦਿੱਤਾ ਕਿ ਉਹ ਕਮਜ਼ੋਰ ਨਹੀਂ ਹੈ। ਹੁਣ ਭਾਰਤੀ ਹਾਕੀ ਟੀਮ ਇਸ ਤਗਮੇ ਨਾਲ ਵਤਨ ਪਰਤ ਆਈ ਹੈ। ਦਿੱਲੀ ਏਅਰਪੋਰਟ 'ਤੇ ਹਾਕੀ ਟੀਮ ਦਾ ਢੋਲ ਦੇ ਡੱਗੇ ਨਾਲ ਸਵਾਗਤ ਕੀਤਾ ਗਿਆ। ਹੁਣ ਭਾਰਤੀ ਹਾਕੀ ਟੀਮ ਦੇ ਮੈਂਬਰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। ਜਿੱਥੇ ਉਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।
ਭਾਰਤੀ ਹਾਕੀ ਟੀਮ ਦਾ ਅੰਮ੍ਰਿਤਸਰ 'ਚ ਸਾਰਿਆਂ ਵੱਲੋਂ ਧੂਮ-ਧਾਮ ਨਾਲ ਸਵਾਗਤ ਕੀਤਾ ਗਿਆ। ਐਤਵਾਰ ਸਵੇਰੇ ਜਦੋਂ ਭਾਰਤੀ ਹਾਕੀ ਟੀਮ ਦੇ ਖਿਡਾਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਤਾਂ ਉਥੇ ਦਾ ਨਜ਼ਾਰਾ ਬੇਹੱਦ ਖਾਸ ਸੀ। ਖਿਡਾਰੀਆਂ ਦਾ ਸਵਾਗਤ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਪਾਲੀਵਾਲ, ਹਰਭਜਨ ਸਿੰਘ ਈਟੀਓ, ਸੰਸਦ ਮੈਂਬਰ ਗੁਰਜੀਤ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਭਾਰਤੀ ਟੀਮ ਨੂੰ ਮਿਲਣ ਲਈ ਉੱਥੇ ਦਰਸ਼ਕਾਂ ਦੀ ਭੀੜ ਲੱਗੀ ਹੋਈ ਸੀ। ਜਿਵੇਂ ਹੀ ਖਿਡਾਰੀ ਏਅਰਪੋਰਟ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਚਾਰੇ ਪਾਸੇ ਖੁਸ਼ੀ ਦੀ ਲਹਿਰ ਫੈਲ ਗਈ।
ਇਸ ਦੌਰਾਨ ਉੱਥੇ ਸਾਰੇ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਨਜ਼ਰ ਆਏ। ਸਾਰਿਆਂ ਨੇ ਮਿਲ ਕੇ ਇਸ ਤਿਉਹਾਰ ਨੂੰ ਮਨਾਇਆ। ਇਸ ਦੌਰਾਨ ਸਾਰੇ ਖਿਡਾਰੀ ਅਤੇ ਉਨ੍ਹਾਂ ਦੇ ਪਰਿਵਾਰ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਜਿੱਥੇ ਉਨ੍ਹਾਂ ਨੇ ਗੁਰੂ ਸਾਹਿਬਾਨ ਅੱਗੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਸੁਖਜੀਤ ਸਿੰਘ ਦੇ ਪਿਤਾ ਅਜੀਤ ਸਿੰਘ ਨੇ ਕਿਹਾ- 'ਸਾਡੀ ਟੀਮ ਨੇ ਭਾਵੇਂ ਹੀ ਕਾਂਸੀ ਦਾ ਤਗਮਾ ਜਿੱਤਿਆ ਹੋਵੇ, ਪਰ ਇਹ ਸਾਡੇ ਲਈ ਕਿਸੇ ਸੋਨੇ ਦੇ ਤਗਮੇ ਤੋਂ ਘੱਟ ਨਹੀਂ ਹੈ। ਜਦੋਂ ਮੇਰਾ ਬੇਟਾ ਮੇਰੇ ਕੋਲ ਆਇਆ ਅਤੇ ਆਪਣਾ ਮੈਡਲ ਮੇਰੇ ਗਲੇ ਵਿੱਚ ਪਾਇਆ, ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਇਹ ਸਾਡੇ ਲਈ ਮਾਣ ਵਾਲਾ ਪਲ ਹੈ, ਅਤੇ ਮੈਂ ਇਸ ਸ਼ਾਨਦਾਰ ਪ੍ਰਾਪਤੀ ਲਈ ਪੂਰੀ ਟੀਮ ਨੂੰ ਦਿਲੋਂ ਵਧਾਈ ਦਿੰਦਾ ਹਾਂ। ਪ੍ਰਮਾਤਮਾ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਹੁਣ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹਨ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਖਿਡਾਰੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।