ਜੈਵਲਿਨ ਥ੍ਰੋਅਰ ‘ਚ ਪਾਕਿਸਤਾਨ ਦੇ ਅਰਸ਼ਦ ਨੇ ਜਿਤਿਆ ਗੋਲ੍ਡ ! ਨੀਰਜ ਚੋਪੜਾ ਨੇ ਚਾਂਦੀ….

by vikramsehajpal

ਪੈਰਿਸ (ਸਾਹਿਬ) - ਟੋਕੀਓ ਓਲੰਪਿਕ 'ਚ ਨੀਰਜ ਚੋਪੜਾ ਨੇ ਭਾਰਤ ਨੂੰ ਐਥਲੈਟਿਕਸ 'ਚ ਪਹਿਲਾ ਗੋਲਡ ਮੈਡਲ ਦਿਵਾਇਆ ਸੀ। ਇੱਥੇ ਪੈਰਿਸ 'ਚ ਵੀ ਉਸ ਨੇ ਪਹਿਲੀ ਹੀ ਥ੍ਰੋ 'ਚ 89.23 ਮੀਟਰ ਦੀ ਥ੍ਰੋ ਸੁੱਟ ਕੇ ਸਿੱਧਾ ਫਾਈਨਲ 'ਚ ਕੁਆਲੀਫਾਈ ਕਰ ਲਿਆ ਸੀ, ਜਿਸ ਤੋਂ ਬਾਅਦ ਦੇਸ਼ ਵਾਸੀਆਂ ਤੇ ਖੇਡ ਪ੍ਰੇਮੀਆਂ ਨੂੰ ਉਸ ਤੋਂ ਮੈਡਲ ਦੀਆਂ ਉਮੀਦਾਂ ਹੋਰ ਵੀ ਵਧ ਗਈਆਂ ਸਨ। ਮੁਕਾਬਲਾ ਸ਼ੁਰੂ ਹੁੰਦੇ ਹੀ ਮੈਦਾਨ 'ਤੇ ਚੀਕਾਂ ਨਾਲ ਨੀਰਜ ਚੋਪੜਾ ਦਾ ਸੁਆਗਤ ਕੀਤਾ ਗਿਆ। ਜਦੋਂ ਨੀਰਜ ਨੇ ਆਪਣੀ ਪਹਿਲੀ ਥ੍ਰੋ ਸੁੱਟੀ ਤਾਂ ਉਸ ਦਾ ਪੈਰ ਲਾਈਨ ਨੂੰ ਛੂਹ ਗਿਆ, ਜਿਸ ਕਾਰਨ ਇਹ ਥ੍ਰੋ ਫਾਊਲ ਹੋ ਗਈ।

ਇਸ ਤੋਂ ਬਾਅਦ ਪਾਕਿਸਤਾਨ ਦੇ ਥ੍ਰੋਅਰ ਅਰਸ਼ਦ ਨਦੀਮ ਨੇ 92.97 ਮੀਟਰ ਦੀ ਥ੍ਰੋ ਮਾਰ ਕੇ 16 ਸਾਲ ਪੁਰਾਣਾ ਰਿਕਾਰਡ ਤੋੜ ਕੇ ਨਵਾਂ ਓਲੰਪਿਕ ਰਿਕਾਰਡ ਕਾਇਮ ਕਰ ਦਿੱਤਾ ਹੈ। ਉਹ ਸੋਨ ਤਮਗੇ ਦੀ ਦੌੜ 'ਚ ਸਭ ਤੋਂ ਅੱਗੇ ਪਹੁੰਚ ਰਿਹਾ ਤੇ ਅੰਤ ਤੱਕ ਉਹ ਪਹਿਲੇ ਸਥਾਨ 'ਤੇ ਰਿਹਾ, ਜਿਸ ਕਾਰਨ ਉਸ ਨੇ ਸੋਨ ਤਮਗੇ 'ਤੇ ਕਬਜ਼ਾ ਕਰ ਲਿਆ ਹੈ।

ਦੱਸ ਦਈਏ ਕਿ ਨੀਰਜ ਨੇ ਆਪਣੀ ਦੂਜੀ ਥ੍ਰੋ 'ਚ 89.45 ਮੀਟਰ ਦੀ ਥ੍ਰੋ ਮਾਰ ਕੇ ਦੂਜਾ ਸਥਾਨ ਹਾਸਲ ਕਰ ਲਿਆ ਹੈ, ਪਰ ਉਸ ਦੀ ਤੀਜੀ ਥ੍ਰੋ ਵੀ ਫਾਊਲ ਰਹੀ। ਇਸ ਮਗਰੋਂ ਉਸ ਦੀ ਚੌਥੀ, ਪੰਜਵੀ ਤੋਂ ਬਾਅਦ ਛੇਵੀਂ ਥ੍ਰੋ ਵੀ ਫਾਊਲ ਹੀ ਰਹੀ, ਪਰ ਇਸ ਦੇ ਬਾਵਜੂਦ ਉਹ ਦੂਜੇ ਸਥਾਨ 'ਤੇ ਕਾਬਜ਼ ਰਿਹਾ, ਜਦਕਿ ਗ੍ਰੇਨਾਡਾ ਦੇ ਐਂਡਰਸਨ ਪੀਟਰਸ 88.54 ਮੀਟਰ ਦੀ ਥ੍ਰੋ ਨਾਲ ਤੀਜੇ ਸਥਾਨ 'ਤੇ ਰਿਹਾ।