ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਦਦ ਮੰਗਣ ਦਾ ਕਟੋਰਾ ਲੈ ਕੇ ਦੁਨੀਆ ਭਰ ’ਚ ਘੁੰਮ ਰਿਹਾ ਪਾਕਿਸਤਾਨ ਹੁਣ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨ ਦੇ ਸੁਪਨੇ ਦੇਖ ਰਿਹਾ ਹੈ। ਅਬਦੁਲ ਰਜ਼ਾਕ ਦਾਊਦ ਨੇ ਕਿਹਾ ਕਿ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਹ ਦੋਵਾਂ ਦੇਸ਼ਾਂ ਲਈ ਫਾਇਦੇਮੰਦ ਹੋਵੇਗਾ।
ਦਾਊਦ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਨੂੰ ਉਮੀਦ ਹੈ ਕਿ ਭਾਰਤ ਨਾਲ ਦੁਵੱਲੇ ਆਰਥਿਕ ਸਬੰਧ ਕੁਝ ਹੱਦ ਤਕ ਬਹਾਲ ਹੋ ਜਾਣਗੇ। ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਇਸ ’ਚ ਮਹੱਤਵਪੂਰਨ ਪਹਿਲਕਦਮੀ ਕਰਨੀ ਹੈ ਤੇ ਵਿਦੇਸ਼ ਮੰਤਰਾਲੇ ਸਮੇਤ ਹੋਰ ਧਿਰਾਂ ਨੂੰ ਸ਼ਾਮਲ ਕਰਨ ਦੀ ਕੋਈ ਲੋੜ ਨਹੀਂ ਹੈ।
ਭਾਰਤ ਦਾ ਕਹਿਣਾ ਹੈ ਕਿ ਉਹ ਅੱਤਵਾਦ ਤੇ ਹਿੰਸਾ ਤੋਂ ਮੁਕਤ ਮਾਹੌਲ ਦੇ ਬਿਨਾਂ ਪਾਕਿਸਤਾਨ ਨਾਲ ਆਮ ਗੁਆਂਢੀ ਵਾਲੇ ਰਿਸ਼ਤੇ ਚਾਹੁੰਦਾ ਹੈ। ਹੁਣ ਇਸ ਦਿਸ਼ਾ ’ਚ ਜੋ ਕੁਝ ਕਰਨਾ ਹੈ ਉਹ ਸਿਰਫ਼ ਪਾਕਿਸਤਾਨ ਨੇ ਹੀ ਕਰਨਾ ਹੈ। ਭਾਰਤ ਨੇ ਪਾਕਿਸਤਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਗੱਲਬਾਤ ਤੇ ਅੱਤਵਾਦ ਨਾਲ-ਨਾਲ ਨਹੀਂ ਚੱਲ ਸਕਦੇ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜਦੋਂ ਤਕ ਭਾਰਤ ’ਤੇ ਹਮਲੇ ਕਰਨ ਵਾਲੇ ਅੱਤਵਾਦੀ ਸੰਗਠਨਾਂ ਖ਼ਿਲਾਫ਼ ਢੁਕਵੀਂ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤਕ ਭਾਰਤ ਦੋਸਤੀ ਦਾ ਹੱਥ ਨਹੀਂ ਅੱਗੇ ਵਧਾਉਣ ਵਾਲਾ ਹੈ।