ਪਾਕਿਸਤਾਨ ਨੂੰ ਮਹਿੰਗਾ ਪਿਆ ਭਾਰਤ ਖਿਲਾਫ F-16 ਵਰਤਣਾ, ਅਮਰੀਕਾ ਨੇ ਮੰਗਿਆ ਜਵਾਬ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਨੂੰ ਏਅਰ ਸਟ੍ਰਾਈਕ ਦਾ ਜਵਾਬ ਦੇਣ ਲਈ ਪਾਕਿਸਤਾਨ ਨੇ F-16 ਲੜਾਕੂ ਦਾ ਇਸਤੇਮਾਲ ਕੀਤਾ। ਪਾਕਿਸਤਾਨ ਨੇ F-16 ਲੜਾਕੂ ਜੈੱਟ ਦੀ ਦੁਰਵਰਤੋਂ ਕੀਤੀ ਹੈ| F-16 ਲੜਾਕੂ ਜੈੱਟ ਦੀ ਦੁਰਵਰਤੋਂ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਸਰਕਾਰ ਤੋਂ ਜਵਾਬ ਮੰਗਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਪਾਕਿ ਫ਼ੌਜ ਨੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ 'ਸਾਡੀ ਜਾਣਕਾਰੀ ਵਿਚ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਨੇ ਜਹਾਜ਼ ਸਮਝੌਤੇ ਦੀ ਉਲੰਘਣਾ ਕੀਤੀ ਹੈ। 


ਅਸੀਂ ਇਸ ਨਾਲ ਸਬੰਧਿਤ ਜਾਣਕਾਰੀ ਮੰਗ ਰਹੇ ਹਾਂ। ਓਧਰ, ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਕੋਨ ਫਾਲਕਨਰ ਨੇ ਕਿਹਾ ਕਿ F-16 ਲੜਾਕੂ ਜਹਾਜ਼ ਦੇ ਸਮਝੌਤੇ ਦੀ ਜਾਣਕਾਰੀ ਨੂੰ ਅਸੀਂ ਜਨਤਕ ਨਹੀਂ ਕਰ ਸਕਦੇ ਪਰ ਇਸ ਗੱਲ ਤੋਂ ਅਸੀ ਜਾਣੂ ਹਾਂ ਕਿ ਪਾਕਿਸਤਾਨ ਨੇ ਇਸ ਦੀ ਵਰਤੋਂ ਭਾਰਤ ਖ਼ਿਲਾਫ਼ ਕੀਤੀ ਹੈ। ਦਸਣਯੋਗ ਹੈ ਕਿ ਅਸਲ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ ਅੱਤਵਾਦ ਰੋਕੂ ਮੁਹਿੰਮ ਲਈ ਦਿੱਤਾ ਸੀ। 80 ਦੇ ਦਹਾਕੇ ਵਿਚ ਅਮਰੀਕਾ ਨੇ F-16 ਜਹਾਜ਼ ਪਾਕਿਸਤਾਨ ਨੂੰ ਦਿੱਤੇ ਸਨ। ਸ਼ਰਤਾਂ ਮੁਤਾਬਿਕ ਬਿਨਾਂ ਅਮਰੀਕਾ ਦੀ ਇਜਾਜ਼ਤ ਦੇ ਪਾਕਿਸਤਾਨ F-16 ਲੜਾਕੂ ਜਹਾਜ਼ਾਂ ਦਾ ਇਸਤੇਮਾਲ ਫ਼ੌਜੀ ਕਾਰਵਾਈ ਵਿਚ ਨਹੀਂ ਕਰ ਸਕਦਾ। 


ਇਸ ਦਾ ਇਸਤੇਮਾਲ ਆਤਮ ਰੱਖਿਆ ਵਿਚ ਕੀਤਾ ਜਾ ਸਕਦਾ ਹੈ ਪਰ ਹਮਲੇ ਲਈ ਨਹੀਂ। F-16 ਅਮਰੀਕਾ ਵਿਚ ਬਣਿਆ ਲੜਾਕੂ ਜਹਾਜ਼ ਹੈ ਅਤੇ ਇਸ ਵਿਚ ਲੱਗਣ ਵਾਲੀ ਐਮਰਾਮ ਮਿਜ਼ਾਈਲ ਵੀ ਅਮਰੀਕਾ ਵਿਚ ਹੀ ਬਣਦੀ ਹੈ। ਇਸ ਜਹਾਜ਼ ਦੇ ਇਸਤੇਮਾਲ ਲਈ ਅਮਰੀਕਾ ਦੀਆਂ ਸ਼ਰਤਾਂ ਹੁੰਦੀਆਂ ਹਨ। ਨਿਯਮ ਅਨੁਸਾਰ ਪਾਕਿਸਤਾਨ ਨੂੰ ਦੂਸਰੇ ਦੇਸ਼ ਖ਼ਿਲਾਫ਼ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਅਮਰੀਕਾ ਦੀ ਇਜਾਜ਼ਤ ਲੈਣੀ ਪਵੇਗੀ। 


ਨਿਯਮਾਂ ਦੀ ਉਲੰਘਣਾ ਹੋਣ 'ਤੇ ਅਮਰੀਕਾ ਪਾਕਿਸਤਾਨ ਖ਼ਿਲਾਫ਼ ਕਾਰਵਾਈ ਵੀ ਕਰ ਸਕਦਾ ਹੈ। ਇਸ ਦੀ ਵਜ੍ਹਾ ਨਾਲ ਹੀ ਪਾਕਿਸਤਾਨ ਕਾਫ਼ੀ ਸਹਿਮਿਆ ਹੋਇਆ ਹੈ। ਵੀਰਵਾਰ ਨੂੰ ਜੋ ਸਬੂਤ ਭਾਰਤ ਵੱਲੋਂ ਪੇਸ਼ ਕੀਤੇ ਗਏ ਹਨ ਉਹ ਇਸ ਗੱਲ ਨੂੰ ਪੁਖ਼ਤਾ ਕਰ ਰਹੇ ਹਨ ਕਿ ਇਹ ਜਹਾਜ਼ F-16 ਸੀ।