ਇਸਲਾਮਾਬਾਦ (ਦੇਵ ਇੰਦਰਜੀਤ) : ਪਾਕਿਸਤਾਨ ’ਚ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਕਿ ਤਹਿਰੀਕ-ਏ-ਲੱਬੈਕ ਟੀ. ਐੱਲ. ਪੀ. ਦੇ ਅਗਵਾਈ ’ਚ ਕੀਤਾ ਜਾ ਰਿਹਾ ਪ੍ਰਦਰਸ਼ਨ ਇਸਲਾਮਾਬਾਦ ਤੱਕ ਅੱਗੇ ਨਹੀਂ ਵਧੇਗਾ ਕਿਉਂਕਿ ਉਨ੍ਹਾਂ ਦੇ ਨਾਲ ਹੋਈ ਗੱਲਬਾਤ ਲਗਭਗ ਸਫਲ ਹੋ ਗਈ ਹੈ।
ਟੀ. ਐੱਲ. ਪੀ. ਵਰਕਰ ਸੋਮਵਾਰ ਜਾਂ ਮੰਗਲਵਾਰ ਤੱਕ ਆਪਣਾ ਧਰਨਾ ਜਾਰੀ ਰੱਖਣਗੇ ਪਰ ਇਸਲਾਮਾਬਾਦ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਟੀ. ਐੱਲ. ਪੀ. ਨਾਲ ਦਸਖ਼ਤੀ ਸਮਝੌਤੇ ਤਹਿਤ ਫਰਾਂਸੀਸੀ ਦੂਤ ਨੂੰ ਬਰਖਾਸਤ ਕਰਨ ਦਾ ਮੁੱਦਾ ਨੈਸ਼ਨਲ ਅਸੈਂਬਲੀ ’ਚ ਬਹਿਸ ਲਈ ਚੁੱਕਿਆ ਜਾਵੇਗਾ ਅਤੇ ਹਿਰਾਸਤ ’ਚ ਲਈ ਗਏ ਟੀ. ਐੱਲ. ਪੀ. ਵਰਕਰਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।
ਟੀ-20 ਕ੍ਰਿਕੇਟ ਵਿਸ਼ਵ ਕੱਪ ਦੇਖਣ ਦੁਬਈ ਗਏ ਗ੍ਰਹਿ ਮੰਤਰੀ ਨੂੰ ਸਥਿਤੀ ’ਤੇ ਨਜ਼ਰ ਰੱਖਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਿਰਦੇਸ਼ ’ਤੇ ਸ਼ਨੀਵਾਰ ਨੂੰ ਵਾਪਸ ਪਰਤਣਾ ਪਿਆ। ਸ਼ਨੀਵਾਰ ਨੂੰ ਟੀ. ਐੱਲ. ਪੀ. ਦੇ ਪ੍ਰਦਰਸ਼ਨਕਾਰੀ ਲਾਹੌਰ ਅਤੇ ਸ਼ੇਖੂਪੁਰਾ ’ਚ ਸੁਰੱਖਿਆ ਨੂੰ ਟਿੱਚ ਜਾਣਦੇ ਹੋਏ ਗੁਜਰਾਂਵਾਲਾ ਸ਼ਹਿਰ ’ਚ ਦਾਖਲ ਹੋ ਗਏ।
ਲਾਹੌਰ ਤੋਂ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਦੀ ਰਫ਼ਤਾਰ ਮੱਠੀ ਕਰ ਦਿੱਤੀ ਅਤੇ ਸਬ-ਅਰਬਨ ਸ਼ਹਿਰ ਮੁਰੀਦਕੇ ’ਚ ਰਾਜ ਮਾਰਗ ’ਤੇ ਰਾਤ ਗੁਜ਼ਾਰਨ ਦਾ ਫੈਸਲਾ ਲਿਆ।
ਟੀ. ਐੱਲ. ਪੀ. ਨੇਤਾਵਾਂ ਨੇ ਆਪਣੇ ਸਵਰਗਵਾਸੀ ਸੰਸਥਾਪਕ ਖਾਦਿਮ ਰਿਜ਼ਵੀ ਦੇ ਬੇਟੇ ਸਾਦ ਹੁਸੈਨ ਰਿਜ਼ਵੀ ਦੀ ਰਿਹਾਈ ਅਤੇ ਫਰਾਂਸੀਸੀ ਦੂਤ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਮੰਗਲਵਾਰ ਤੋਂ ਆਪਣਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ।