ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਭਾਰਤੀ ਹਵਾਈ ਫ਼ੌਜ ਦੁਆਰਾ ਮੰਗਲਵਾਰ ਸਵੇਰੇ ਸਰਹੱਦ ਪਾਰ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ। ਭਾਰਤ-ਪਾਕਿਸਤਾਨ ਦਰਮਿਆਨ ਬਣੇ ਤਣਾਅ ਵਿਚਾਲੇ ਅੱਜ ਤਿੰਨ ਫੌਜਾਂ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਵੱਲੋਂ ਦਿੱਲੀ ‘ਚ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ। ਭਾਰਤ ਵੱਲੋਂ ਪਾਕਿਸਤਾਨ ਦੇ ਬਾਲਾਕੋਟ ‘ਚ ਕੀਤਾ ਆਪ੍ਰੇਸ਼ਨ ਕਾਮਯਾਬ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ 27 ਫ਼ਰਵਰੀ ਨੂੰ ਪਾਕਿਸਤਾਨ ਨੇ ਭਾਰਤੀ ਹਵਾਈ ਸਰਹੱਦ ਦੀ ਉਲੰਘਣਾ ਕੀਤੀ।
ਇਸ ਦੌਰਾਨ ਤਿੰਨ ਫੌਜਾਂ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਵੈ -ਰੱਖਿਆ ‘ਚ ਭਾਰਤ ਨੇ ਪਾਕਿਸਤਾਨ ਦਾ ਐੱਫ-16 ਜਹਾਜ਼ ਸੁੱਟਿਆ ਹੈ। ਪਾਕਿਸਤਾਨ ਨੇ ਇਸ ਮਾਮਲੇ ਨੂੰ ਲੈ ਕੇ ਤੱਥਾਂ ਦੇ ਉਲਟ ਬਿਆਨ ਦਿੱਤੇ ਹਨ। ਭਾਰਤੀ ਸੈਨਾ ਨੇ ਕਿਹਾ ਕਿ ਆਪ੍ਰੇਸ਼ਨ ਦੀ ਕਾਮਯਾਬੀ ਦੇ ਸਾਡੇ ਕੋਲ ਸਬੂਤ ਹਨ।
ਭਾਰਤੀ ਸੈਨਾ ਨੇ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਭਾਰਤੀ ਸੈਨਾ ਨੇ ਐੱਫ-16 ਜਹਾਜ਼ ਵਰਤਣ ਦੇ ਸਬੂਤ ਮੀਡੀਆ ਸਾਹਮਣੇ ਪੇਸ਼ ਕੀਤੇ ਹਨ ਜਦਕਿ ਪਾਕਿਸਤਾਨ ਮੁੱਕਰ ਰਿਹਾ ਸੀ ਕਿ ਉਨ੍ਹਾਂ ਨੇ ਐੱਫ-16 ਜਹਾਜ਼ ਨਹੀਂ ਵਰਤਿਆ ਹੈ।