ਕਾਬੁਲ (ਦੇਵ ਇੰਦਰਜੀਤ) : ਅੱਤਵਾਦ 'ਤੇ ਦੁਨੀਆ ਭਰ 'ਚ ਬੇਨਕਾਬ ਹੋ ਚੁੱਕੇ ਪਾਕਿਸਤਾਨ ਦਾ ਅਫ਼ਗਾਨਿਸਤਾਨ ਮਾਮਲੇ 'ਚ ਦੋਹਰਾ ਚਿਹਰਾ ਸਾਹਮਣੇ ਆਇਆ ਹੈ। ਉਹ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੌਰਾਨ ਜੰਗ ਪ੍ਰਭਾਵਿਤ ਇਸ ਦੇਸ਼ 'ਤੇ ਕਬਜ਼ੇ ਲਈ ਤਾਲਿਬਾਨ ਨੂੰ ਉਕਸਾ ਰਿਹਾ ਹੈ।ਅਫ਼ਗਾਨਿਸਤਾਨ ਟਾਈਮਜ਼ ਅਖ਼ਬਾਰ 'ਚ ਪ੍ਰਕਾਸ਼ਿਤ ਇਕ ਲੇਖ ਮੁਤਾਬਕ ਪਾਕਿਸਤਾਨ ਖੁੱਲ੍ਹੇ ਤੌਰ 'ਤੇ ਤਾਲਿਬਾਨ ਦਾ ਸਮਰਥਨ ਕਰਨ ਦੀ ਗੱਲ ਸਵੀਕਾਰ ਕਰ ਚੁੱਕਿਆ ਹੈ। ਪਰ ਇਸ ਅੱਤਵਾਦੀ ਸੰਗਠਨ ਦੀ ਫ਼ੌਜੀ ਮਦਦ ਕਰਨ ਤੋਂ ਇਨਕਾਰ ਕਰ ਰਿਹਾ ਹੈ।
ਇਸ ਨਾਲ ਪਾਕਿਸਤਾਨ ਦਾ ਦੋਹਰਾ ਚਿਹਰਾ ਜ਼ਾਹਿਰ ਹੁੰਦਾ ਹੈ। ਅਸਲ 'ਚ ਪਾਕਿਸਤਾਨ ਇਸ ਅੱਤਵਾਦੀ ਸੰਗਠਨ ਲਈ ਪੈਸੇ ਦੀ ਵਿਵਸਥਾ ਕਰਨ ਦੇ ਨਾਲ ਹੀ ਸਫ਼ਾਰਤੀ ਮਦਦ ਵੀ ਮੁਹਈਆ ਕਰਵਾ ਰਿਹਾ ਹੈ। ਉਹ ਤਾਲਿਬਾਨ ਲਈ ਨਵੀਂ ਭਰਤੀ ਤੇ ਸਿਖਲਾਈ 'ਚ ਮਦਦ ਕਰਨ ਤੋਂ ਇਲਾਵਾ ਹਥਿਆਰ ਤੇ ਈਂਧਨ ਵੀ ਦੇ ਰਿਹਾ ਹੈ। ਅਖ਼ਬਾਰ ਮੁਤਾਬਕ ਅਫ਼ਗਾਨ ਸੁਰੱਖਿਆ ਬਲਾਂ ਨਾਲ ਸਿੱਧੀ ਲੜਾਈ 'ਚ ਤਾਲਿਬਾਨ ਅੱਤਵਾਦੀਆਂ ਦੀ ਆੜ 'ਚ ਪਾਕਿਸਤਾਨੀ ਫ਼ੌਜੀ ਵੀ ਲੜ ਰਹੇ ਹਨ। ਕਈ ਫ਼ੌਜੀ ਵੀ ਮਾਰੇ ਜਾ ਚੁੱਕੇ ਹਨ। ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈਐੱਸਆਈ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਅਫ਼ਗਾਨ ਸਰਕਾਰ ਵੀ ਇਹ ਦਾਅਵਾ ਕਰ ਚੁੱਕੀ ਹੈ ਕਿ ਪਾਕਿਸਤਾਨ ਤਾਲਿਬਾਨ ਦੀ ਮਦਦ ਕਰ ਰਿਹਾ ਹੈ।
ਅਫ਼ਗਾਨਿਸਤਾਨ 'ਚ ਵਧਦੇ ਕਬਜ਼ੇ ਨਾਲ ਤਾਲਿਬਾਨ ਦੇ ਵਹਿਸ਼ੀਪੁਣਾ ਵੀ ਸਾਹਮਣੇ ਆ ਰਿਹਾ ਹੈ। ਉਹ ਆਪਣੇ ਕਬਜ਼ੇ ਵਾਲੇ ਇਲਾਕਿਆਂ 'ਚ ਅੱਤਵਾਦੀਆਂ ਨਾਲ ਵਿਆਹ ਲਈ ਅੌਰਤਾਂ ਨੂੰ ਮਜਬੂਰ ਕਰ ਰਿਹਾ ਹੈ। ਅਫ਼ਗਾਨ ਨਾਗਰਿਕਾਂ ਨੇ ਦੱਸਿਆ ਕਿ ਫੜੇ ਗਏ ਕਈ ਅਫ਼ਗਾਨ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।