ਇਸਲਾਮਾਬਾਦ (ਦੇਵ ਇੰਦਰਜੀਤ)- ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਆਪਣੀਆਂ ਜਾਇਦਾਦਾਂ ਦਾ ਵੇਰਵਾ ਦੇਣ ਵਿਚ ਅਸਫ਼ਲ ਰਹੇ ਸੈਨੇਟ ਅਤੇ ਸੂਬਾਈ ਵਿਧਾਨ ਸਭਾਵਾਂ ਦੇ 154 ਮੈਂਬਰਾਂ ਦੀ ਮੈਂਬਰਸ਼ਿਪ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀ ਹੈ। ਇਹਨਾਂ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਆਪਣੀ ਜਾਇਦਾਦ ਦੀ ਪੂਰੀ ਜਾਣਕਾਰੀ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਉਹ ਜਦੋਂ ਤੱਕ ਅਜਿਹਾ ਨਹੀਂ ਕਰਦੇ, ਉਦੋਂ ਤੱਕ ਉਹਨਾਂ ਨੂੰ ਮੁਅੱਤਲ ਹੀ ਮੰਨਿਆ ਜਾਵੇਗਾ।
ਮੁਅੱਤਲ ਹੋਏ ਸਾਂਸਦਾਂ ਵਿਚ ਇਮਰਾਨ ਸਰਕਾਰ ਦੇ ਕਈ ਮੰਤਰੀ ਵੀ ਸ਼ਾਮਲ ਹਨ। ਡਾਨ ਦੇ ਮੁਤਾਬਕ, ਇਹ 154 ਸਾਂਸਦ ਅਤੇ ਵਿਧਾਇਕ ਉਦੋਂ ਤੱਕ ਮੁਅੱਤਲ ਰਹਿਣਗੇ ਜਦੋਂ ਤੱਕ ਉਹ ਆਪਣੀਆਂ ਜਾਇਦਾਦਾਂ ਦਾ ਸਲਾਨਾ ਵੇਰਵਾ ਜਮਾਂ ਨਹੀਂ ਕਰਵਾ ਦਿੰਦੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅਜਿਹੀ ਸਖ਼ਤੀ ਵਰਤੀ ਹੈ। ਪਾਕਿਸਤਾਨੀ ਅਖ਼ਬਾਰ ਮੁਤਾਬਕ ਦੇਸ਼ ਵਿਚ ਚੋਣ ਕਮਿਸ਼ਨ ਹਰੇਕ ਸਾਲ ਅਜਿਹੀ ਲਾਪਰਵਾਹੀ 'ਤੇ ਕਈ ਸਾਂਸਦਾਂ ਅਤੇ ਵਿਧਾਇਕਾਂ ਦੀ ਮੈਂਬਰਸ਼ਿਪ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੰਦਾ ਹੈ।
ਜਿਹੜੇ ਪਾਕਿਸਤਾਨੀ ਸਾਂਸਦ-ਵਿਧਾਇਕਾਂ ਦੀ ਮੈਂਬਰਸ਼ਿਪ ਮੁਅੱਤਲ ਕੀਤੀ ਗਈ ਹੈ ਉਹਨਾਂ ਵਿਚ ਅੰਤਰ-ਸੂਬਾਈ ਤਾਲਮੇਲ ਮੰਤਰੀ ਫਹਮਿਦਾ ਮਿਰਜ਼ਾ, ਵਿਗਿਆਨ ਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ, ਸਮੁੰਦਰੀ ਮਾਮਲਿਆਂ ਦੇ ਮੰਤਰੀ ਹੈਦਰ ਜੈਦੀ ਸ਼ਾਮਲ ਹਨ।