ਲੀਡਸ — ਇਕ ਸਮੇਂ ਵਿਸ਼ਵ ਕੱਪ ਵਿਚੋਂ ਲਗਭਗ ਬਾਹਰ ਹੋ ਚੁੱਕਾ ਪਾਕਿਸਤਾਨ ਪਿਛਲੀਆਂ ਲਗਾਤਾਰ ਜਿੱਤਾਂ ਤੋਂ ਵਾਪਸ ਆਤਮਵਿਸ਼ਵਾਸ ਨਾਲ ਲਬਰੇਜ ਦਿਖਾਈ ਦੇ ਰਿਹਾ ਹੈ ਪਰ ਟੂਰਨਾਮੈਂਟ ਵਿਚ ਬਣੇ ਰਹਿਣ ਦੀਆਂ ਆਪਣੀਆਂ ਆਖਰੀ ਉਮੀਦਾਂ ਨੂੰ ਬਰਕਰਾਰ ਰੱਖਣ ਲਈ ਸ਼ਨੀਵਾਰ ਨੂੰ ਉਸ ਨੂੰ ਹੇਡਿੰਗਲੇ ਵਿਚ ਉਸ ਦੇ ਗੁਆਂਢੀ ਦੇਸ਼ ਅਫਗਾਨਿਸਤਾਨ ਹੱਥੋਂ ਚੁਣੌਤੀ ਝੱਲਣੀ ਪਵੇਗੀ।
ਰਾਜਨੀਤਿਕ ਤੌਰ 'ਤੇ ਅਫਗਾਨਿਸਤਾਨ ਅਤੇ ਪਾਕਿਸਾਤਨ ਵਿਚਾਲੇ ਰਿਸ਼ਤੇ ਕੁੜੱਤਣ ਭਰੇ ਹਨ ਅਤੇ ਮੈਦਾਨ 'ਤੇ ਦੋਵੇਂ ਹੀ ਮੁਲਕ ਆਪਣੀ-ਆਪਣੀ ਜਿੱਤ ਲਈ ਪੂਰਾ ਜ਼ੋਰ ਲਾਉਣਗੇ। ਸੈਮੀਫਾਈਨਲ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਘੱਟ ਤਜਰਬੇਕਾਰ ਅਫਗਾਨੀ ਟੀਮ ਨੇ ਟੂਰਨਾਮੈਂਟ ਵਿਚ ਕਾਫੀ ਨਾਂ ਕਮਾਇਆ ਹੈ ਪਰ ਉਹ ਅਜੇ ਤਕ ਵਿਸ਼ਵ ਕੱਪ ਵਿਚ ਜਿੱਤ ਦਾ ਖਾਤਾ ਖੋਲ੍ਹ ਕੇ ਇਤਿਹਾਸ ਰਚਣ ਤੋਂ ਦੂਰ ਹੈ।
ਭਾਰਤ ਵਰਗੀ ਮਜ਼ਬੂਤ ਟੀਮ ਵਿਰੁੱਧ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਅਫਗਾਨਿਸਤਾਨ ਤੋਂ ਪਾਕਿਸਤਾਨ ਵਿਰੁੱਧ ਵੀ ਅਜਿਹੇ ਹੀ ਪ੍ਰਦਰਸ਼ਨ ਦੀ ਉਮੀਦ ਕਰਨਾ ਗਲਤ ਨਹੀਂ ਹੋਵੇਗਾ। ਟੀਮ ਕੋਲ ਗੁਆਉਣ ਲਈ ਕੁਝ ਨਹੀਂ ਹੈ ਪਰ ਉਹ ਪਾਕਿਸਤਾਨੀ ਟੀਮ ਦੇ ਟੂਰਨਾਮੈਂਟ ਵਿਚ ਬਣੇ ਰਹਿਣ ਦੇ ਸੰਘਰਸ਼ 'ਤੇ ਪਾਣੀ ਜ਼ਰੂਰ ਫੇਰ ਸਕਦੀ ਹੈ, ਜਿਹੜੀ ਪਿਛਲੇ ਦੋ ਮੈਚਾਂ ਵਿਚ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਅਜੇ ਤਕ ਅੰਕ ਸੂਚੀ ਵਿਚ ਛੇਵੇਂ ਨੰਬਰ 'ਤੇ ਹੈ। ਉਸਦੇ ਬੰਗਲਾਦੇਸ਼ ਨਾਲ ਇਕ-ਇਕ ਬਰਾਬਰ 7 ਅੰਕ ਹਨ ਅਤੇ ਇਕ ਵੀ ਹਾਰ ਉਸਦਾ ਸਫਰ ਖਤਮ ਕਰ ਸਕਦੀ ਹੈ, ਅਜਿਹੇ ਵਿਚ ਪਾਕਿਸਤਾਨ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ।
ਹਾਲਾਂਕਿ 1992 ਦੀ ਚੈਂਪੀਅਨ ਟੀਮ ਪਾਕਿਸਤਾਨ ਦਾ ਪੱਲੜਾ ਅਫਗਾਨਿਸਤਾਨ 'ਤੇ ਭਾਰੀ ਹੀ ਮੰਨਿਆ ਜਾ ਰਿਹਾ ਹੈ। ਟੀਮ ਨੇ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।