ਪੀ.ਐੱਮ. ਮੋਦੀ ਨਾਲ ਮਿਲੇ CM ਮਨੋਹਰ ਲਾਲ ਖੱਟਰ

by vikramsehajpal

ਹਰਿਆਣਾ (ਦੇਵ ਇੰਦਰਜੀਤ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਦੋਨਾਂ ਨੇਤਾਵਾਂ ਦੀ ਅਜਿਹੇ ਸਮੇਂ ਵਿੱਚ ਮੁਲਾਕਾਤ ਹੋਈ ਹੈ ਜਦੋਂ ਹਰਿਆਣਾ ਵਿੱਚ ਕਰੀਬ 10 ਮਹੀਨੇ ਤੋਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਚੱਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ, ਮੈਂ ਸੂਬੇ ਵਿੱਚ ਸ਼ੁਰੂ ਕੀਤੀ ਗਈ ਨਵੀਂ ਪਹਿਲ ਅਤੇ ਯੋਜਨਾਵਾਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। ਮੈਂ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਕਰਨਾਲ ਵਿੱਚ ਹੋਈ ਘਟਨਾ ਬਾਰੇ ਵੀ ਦੱਸਿਆ। ਮੈਂ ਉਨ੍ਹਾਂ ਨੂੰ ਹਰਿਆਣਾ ਆਰਬਿਟਲ ਰੇਲ ਕਾਰੀਡੋਰ ਦੀ ਨੀਂਹ ਰੱਖਣ ਲਈ ਸੂਬੇ ਵਿੱਚ ਸੱਦਾ ਦਿੱਤਾ ਹੈ।

ਬੁੱਧਵਾਰ ਨੂੰ ਹੀ ਕਿਸਾਨ ਅੰਦੋਲਨਾਂ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਬੈਠਕ ਹੋਈ। ਇਸ ਬੈਠਕ ਦੀ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕੁੰਡਲੀ-ਸਿੰਘੂ ਬਾਰਡਰ 'ਤੇ ਰਾਸ਼ਟਰੀ ਰਾਜ ਮਾਰਗ ਨੰਬਰ-44 ਤੋਂ ਨਾਕਾਬੰਦੀ ਹਟਾਉਣ ਲਈ ਕਿਸਾਨਾਂ ਨਾਲ ਗੱਲਬਾਤ ਦੀ ਖਾਤਰ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ।

ਕਿਸਾਨ ਇੱਥੇ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਹਨ। ਵਿਜ ਨੇ ਕਿਹਾ, ‘‘ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਨ ਕਰਨ ਲਈ ਵਧੀਕ ਮੁੱਖ ਸਕੱਤਰ (ਗ੍ਰਹਿ) ਰਾਜੀਵ ਅਰੋੜਾ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।’’