ਦਿੱਲੀ (ਦੇਵ ਇੰਦਰਜੀਤ) : ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਇਸ ਸਾਲ ਅਪ੍ਰੈਲ-ਮਈ ਦੇ ਮਹੀਨੇ ਆਕਸੀਜਨ ਦੀ ਮੰਗ 'ਚ ਅਚਾਨਕ ਤੇਜ਼ੀ ਆ ਗਈ ਸੀ। ਇਸ ਦੇ ਮੱਦੇਨਜ਼ਰ ਦੇਸ਼ ਦੇ ਕਈ ਸੂਬਿਆਂ 'ਚ ਜੀਵਨ ਰੱਖਿਅਕ ਆਕਸੀਜਨ ਦੀ ਘਾਟ ਦੇ ਮਾਮਲੇ ਵੀ ਸਾਹਮਣੇ ਆਏ ਸਨ। ਇਸ ਦੇ ਬਾਅਦ ਤੋਂ ਸਰਕਾਰ ਵਲੋਂ ਆਕਸੀਜਨ ਦਾ ਉਤਪਾਦਨ ਵਧਾਉਣ ਅਤੇ ਉਸ ਦੀ ਬਿਨਾਂ ਰੁਕਾਵਟ ਸਪਲਾਈ ਯਕੀਨੀ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਕਰਮਣ ਦੀ ਤੀਜੀ ਲਹਿਰ ਆਉਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕਾਂ ਕਰ ਰਹੇ ਹਨ ਅਤੇ ਭਵਿੱਖ 'ਚ ਆਕਸੀਜਨ ਦੀ ਕੋਈ ਘਾਟ ਨਾ ਹੋ ਸਕੇ, ਇਸ ਲਈ ਕਦਮ ਵੀ ਚੁੱਕ ਰਹੇ ਹਨ। ਦੱਸ ਦੇਈਏ ਕਿ ਤੀਜੀ ਲਹਿਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੀਰਵਾਰ ਨੂੰ ਕੇਂਦਰੀ ਮੰਤਰੀ ਮੰਡਲ ਨੇ 23 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਰਾਹਤ ਫੰਡ ਦੀ ਮਦਦ ਨਾਲ ਦੇਸ਼ ਭਰ 'ਚ ਸਥਾਪਤ ਕੀਤੇ ਜਾਣ ਵਾਲੇ 'ਪ੍ਰੈਸ਼ਰ ਸਵਿੰਗ ਐਡਜਾਪਰਸ਼ਨ ਮੈਡੀਕਲ ਆਕਸੀਜਨ ਪਲਾਂਟਾਂ ਨੂੰ ਜਲਦ ਤੋਂ ਜਲਦ ਚਾਲੂ ਕਰਨ ਅਤੇ ਇਸ ਲਈ ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰਨ ਦਾ ਨਿਰਦੇਸ਼ ਦਿੱਤਾ।
ਪ੍ਰਧਾਨ ਮੰਤਰੀ ਨੇ ਇਹ ਗੱਲ ਦੇਸ਼ ਭਰ 'ਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਉਸ ਦੀ ਉਪਲੱਬਧਤਾ ਦੀ ਸਮੀਖਿਆ ਲਈ ਆਪਣੀ ਪ੍ਰਧਾਨਗੀ 'ਚ ਆਯੋਜਿਤ ਉੱਚ ਪੱਧਰੀ ਬੈਠਕ 'ਚ ਕਹੀ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ, ਇਸ ਬੈਠਕ 'ਚ ਮੋਦੀ ਨੂੰ ਪੀ.ਐੱਸ.ਏ. ਮੈਡੀਕਲ ਆਕਸੀਜਨ ਪਲਾਂਟਾਂ ਦੀ ਸਥਾਪਨਾ ਸੰਬੰਧੀ ਪ੍ਰਗਤੀ ਤੋਂ ਜਾਣੂੰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਦੇਸ਼ ਭਰ 'ਚ 1500 ਤੋਂ ਵੱਧ ਪੀ.ਐੱਸ.ਏ. ਆਕਸੀਜਨ ਪਲਾਂਟਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਨ੍ਹਾਂ 'ਚ ਪੀ.ਐੱਮ. ਕੇਅਰਜ਼ ਫੰਡ ਤੋਂ ਅਲਾਟ ਪਲਾਂਟਾਂ ਤੋਂ ਇਲਾਵਾ ਵੱਖ-ਵੱਖ ਮੰਤਰਾਲਿਆਂ ਅਤੇ ਜਨਤਕ ਖੇਤਰ ਦੇ ਉਪਕ੍ਰਮਾਂ ਵਲੋਂ ਅਲਾਟ ਪਲਾਂਟ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਜਿਵੇਂ ਹੀ ਇਹ ਸਾਰੇ ਪਲਾਂਟ ਚਾਲੂ ਹੋ ਜਾਣਗੇ, ਵੈਸੇ ਹੀ ਇਸ ਤੋਂ 4 ਲੱਖ ਤੋਂ ਵੱਧ, ਆਕਸੀਜਨ ਵਾਲੇ ਬਿਸਤਰਿਆਂ ਨੂੰ ਇਸ ਦਾ ਲਾਭ ਮਿਲੇਗਾ। ਪੀ.ਐੱਮ.ਓ. ਅਨੁਸਾਰ, ਮੋਦੀ ਨੇ ਅਧਿਕਾਰੀਆਂ ਨੂੰ ਆਕਸੀਜਨ ਪਲਾਂਟਾਂ ਦੇ ਸੰਚਾਲਨ ਅਤੇ ਸਾਂਭ-ਸੰਭਾਲ ਲਈ ਹਸਪਤਾਲ ਦੇ ਕਰਮੀਆਂ ਦੀ ਉੱਚਿਤ ਸਿਖਲਾਈ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਿਆਂ 'ਚ ਸਿਖਲਾਈ ਕਰਮੀ ਉਪਲੱਬਧ ਹੋਣਗੇ।
ਇਸ ਦੌਰਾਨ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਮਾਹਿਰਾਂ ਵਲੋਂ ਸਿਖਲਾਈ ਸੰਬੰਧੀ ਇਕ ਖਾਕਾ ਤਿਆਰ ਕੀਤਾ ਗਿਆ ਹੈ ਅਤੇ ਉਨ੍ਹਾਂ ਰਾਹੀਂ ਦੇਸ਼ ਭਰ 'ਚ 8000 ਤੋਂ ਵੱਧ ਲੋਕਾਂ ਨੂੰ ਸਿਖਲਾਈ ਦੇਣ ਦਾ ਟੀਚਾ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਆਕਸੀਜਨ ਪਲਾਂਟਾਂ ਦੀ ਕਾਰਜਪ੍ਰਣਾਲੀ ਅਤੇ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਨਜ਼ਰ ਰੱਖਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ 'ਤੇ ਵੀ ਜ਼ੋਰ ਦਿੱਤਾ। ਬੈਠਕ 'ਚ ਪ੍ਰਧਾਨ ਮੰਤਰੀ ਦੇ ਮੁੱਖ ਸਲਾਹਕਾਰ, ਕੈਬਨਿਟ ਸਕੱਤਰ ਸਮੇਤ ਕਈ ਹੋਰ ਅਧਿਕਾਰੀ ਮੌਜੂਦ ਸਨ।