ਮੋਗਾ (ਦੇਵ ਇੰਦਰਜੀਤ)- ਇਥੇ ਧਰਮਕੋਟ ਸਬ ਡਿਵੀਜ਼ਨ ਅਧੀਨ ਪੈਂਦੇ ਪਿੰਡ ਵਹਿਣੀਵਾਲ ਵਿਚ ਆਕਸੀਜਨ ਸਿਲੰਡਰ ਫਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ ਹੋ ਗਈ। ਮੋਗਾ ਦੇ ਇੱਕ ਨਿੱਜੀ ਹਸਪਤਾਲ ਦਾ ਐਂਬੂਲੈਂਸ ਚਾਲਕ ਮਰੀਜ਼ ਨੂੰ ਪਿੰਡ ਛੱਡਣ ਗਿਆ ਸੀ। ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਪਰਿਵਾਰ ਨੇ ਚਾਲਕ ਨੂੰ ਆਕਸੀਜਨ ਸਿਲੰਡਰ ਲਗਾਉਣ ਲਈ ਆਖਿਆ ਸੀ।
ਦੂਜੇ ਪਾਸੇ ਸਿਵਲ ਹਸਪਤਾਲ ਵਿਚ ਐਂਬੂਲੈਂਸ ਚਾਲਕ ਦੇ ਵਾਰਸਾਂ ਨੇ ਧਰਨਾ ਲਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਵੇਰਵਿਆਂ ਅਨੁਸਾਰ ਅਜਮੇਰ ਸਿੰਘ ਪੁੱਤਰ ਬਚਨ ਸਿੰਘ (60) ਵਾਸੀ ਪਿੰਡ ਕੋਕਰੀ ਵਹਿਣੀਵਾਲ ਨੂੰ ਸ਼ਹਿਰ ਦੇ ਸਿੱਧੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਕਟਰਾਂ ਨੇ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਘਰ ਲਿਜਾਣ ਦੀ ਸਲਾਹ ਦਿੱਤੀ ਸੀ ਜਿਸ ਤੋਂ ਬਾਅਦ ਪਰਿਵਾਰ ਹਸਪਤਾਲ ਤੋਂ ਹੀ ਐਂਬੂਲੈਂਸ ਰਾਹੀਂ ਮਰੀਜ਼ ਨੂੰ ਘਰ ਲੈ ਗਿਆ।
ਘਰ ਪਹੁੰਚਣ ’ਤੇ ਰਿਸ਼ਤੇਦਾਰਾਂ ਨੇ ਐਂਬੂਲੈਂਸ ਡਰਾਈਵਰ ਸਤਨਾਮ ਸਿੰਘ (19) ਨੂੰ ਮਰੀਜ਼ ਨੂੰ ਆਕਸੀਜਨ ਲਗਾਉਣ ਦੀ ਬੇਨਤੀ ਕੀਤੀ, ਜਦ ਐਂਬੂਲੈਂਸ ਡਰਾਈਵਰ ਆਕਸੀਜਨ ਲਗਾਉਣ ਲਗਾ ਤਾਂ ਤੇਜ਼ ਧਮਾਕਾ ਹੋਇਆ ਅਤੇ ਸਿਲੰਡਰ ਫਟ ਗਿਆ ਅਤੇ ਅੱਗ ਲੱਗ ਗਈ ਜਿਸ ਕਾਰਨ ਐਂਬੂਲੈਂਸ ਚਾਲਕ ਸਤਨਾਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਰੀਜ਼ ਦਾ ਜਵਾਈ ਗੰਭੀਰ ਜ਼ਖਮੀ ਹੋ ਗਿਆ।