
ਰਾਜਪੁਰਾ (ਰਾਘਵ) : ਬੀਤੇ ਦਿਨ ਮਹਿਮੂਦ ਟੋਲ ਬੈਰੀਅਰ ਨੇੜੇ ਹੋਏ ਇਕ ਸੜਕ ਹਾਦਸੇ 'ਚ ਇਕ ਟਰੱਕ ਨਾਲ ਟਕਰਾ ਕੇ 4 ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ ਇਸ ਹਾਦਸੇ 'ਚ ਵਾਹਨਾਂ 'ਚ ਸਵਾਰ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 5 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਕਾਰ ਚਾਲਕ ਦੀ ਸ਼ਿਕਾਇਤ ’ਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲੰਧਰ ਵਾਸੀ ਹਰਦੀਪ ਸਿੰਘ ਨੇ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਏ ਕਿ ਬੀਤੇ ਦਿਨ ਜਦੋਂ ਉਹ ਕਾਰ 'ਚ ਸਵਾਰ ਹੋ ਕੇ ਦਿੱਲੀ ਏਅਰਪੋਰਟ ਵੱਲ ਜਾ ਰਿਹਾ ਸੀ ਤਾਂ ਸ਼ਾਮ 5 ਵਜੇ ਦੇ ਕਰੀਬ ਸ਼ੰਭੂ ਬੈਰੀਅਰ ਨੇੜੇ ਇਕ ਟਰੱਕ ਨੇ ਕਾਰ ਅਤੇ ਟੈਂਪੂ ਟਰੈਵਲਰ ਨੂੰ ਟੱਕਰ ਮਾਰ ਦਿੱਤੀ।
ਇਸ ਟੱਕਰ ਤੋਂ ਬਾਅਦ ਉਸ ਦੀ ਅੱਗੇ ਜਾ ਰਹੀ ਕਾਰ ਅਤੇ ਇਕ ਹੋਰ ਟੈਂਪੂ ਟਰੈਵਲਰ ਨਾਲ ਟੱਕਰ ਹੋ ਗਈ ਅਤੇ ਫਿਰ ਉਸ ਤੋਂ ਅੱਗੇ ਜਾ ਰਹੇ ਇਕ ਵਾਹਨ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਕਾਰ ਅੱਗੇ ਜਾ ਰਹੇ ਟਰੱਕ ਵਿਚ ਜਾ ਟਕਰਾਈ। ਜਦੋਂ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਉਸ ਦੀ ਕਾਰ ਨੂੰ ਬਾਹਰ ਕੱਢਿਆ ਤਾਂ ਸਾਹਮਣੇ ਬੈਠੇ ਮਨਿੰਦਰ ਸਿੰਘ ਵਾਸੀ ਗੁਰਦਾਸਪੁਰ ਦੀ ਮੌਤ ਹੋ ਗਈ ਅਤੇ ਮੇਰੇ ਸਮੇਤ ਬਲਵਿੰਦਰ ਕੌਰ, ਬਲਜੀਤ ਕੌਰ, ਲਵਦੀਪ ਕੌਰ ਅਤੇ ਬਲਰਾਜ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਉਹਨਾਂ ਨੂੰ ਐਂਬੂਲੈਂਸ ਰਾਹੀਂ ਰਾਜਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਉਥੋਂ ਉਸ ਨੂੰ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮਨਿੰਦਰ ਸਿੰਘ ਨੂੰ ਵੀ ਦੂਜੀ ਐਂਬੂਲੈਂਸ ਰਾਹੀਂ ਅੰਬਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਂਚ ਕਰ ਰਹੇ ਥਾਣਾ ਸ਼ੰਭੂ ਵਿਖੇ ਤਾਇਨਾਤ ਏ.ਐਸ.ਆਈ. ਅਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮਨਿੰਦਰ ਸਿੰਘ ਵਾਸੀ ਗੁਰਦਾਸਪੁਰ ਦੀ ਲਾਸ਼ ਅੰਬਾਲਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਟਰੱਕ ਚਾਲਕ ਦਿਨੇਸ਼ ਕੁਮਾਰ ਵਾਸੀ ਮਾਦੋਪੁਰਾ ਬਿਹਾਰ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਟੱਕਰ ਮਾਰਨ ਵਾਲੇ ਟਰੱਕ ਦਾ ਡਰਾਈਵਰ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਇੱਕ ਹੋਰ ਕਾਰ ਜਿਸ ਵਿੱਚ ਰਾਜਪੁਰਾ ਦੀ ਰਹਿਣ ਵਾਲੀ ਸੁਮਨ ਲਤਾ ਨਾਂ ਦੀ ਔਰਤ ਵੀ ਸਵਾਰ ਸੀ, ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ।