ਨਿਊਜ਼ ਡੈਸਕ : ਵੱਖ-ਵੱਖ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਅੱਜ ਤੇਲ ਕੀਮਤਾਂ 'ਚ ਵਾਧੇ ਉਤੇ ਲੋਕ ਸਭਾ ’ਚੋਂ ਵਾਕਆਊਟ ਕੀਤਾ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ 'ਚ ਚੋਣਾਂ ਖ਼ਤਮ ਹੋਣ ’ਤੇ 137 ਦਿਨਾਂ ਮਗਰੋਂ ਕੀਤੇ ਵਾਧੇ ’ਤੇ ਸਵਾਲ ਉਠਾਏ। ਗੌਰਵ ਗੋਗੋਈ ਨੇ ਤੇਲ ਕੀਮਤਾਂ ’ਚ ਕੀਤੇ ਗਏ ਵਾਧੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਮਹਿੰਗਾਈ ਤੇ ਮਹਾਮਾਰੀ ਮਗਰੋਂ ਹੋਈ ਰਿਕਵਰੀ ਤੋਂ ਬਾਅਦ ਲੋਕਾਂ ਨੂੰ ਹੁਣ ਸੌਖਾ ਸਾਹ ਆਉਣਾ ਚਾਹੀਦਾ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਰੂਸ ਤੇ ਯੂਕਰੇਨ ਵਿਚਾਲੇ ਤਣਾਅ ਪਿਛਲੇ ਸਾਲ ਦਸੰਬਰ ਤੋਂ ਵਧ ਰਿਹਾ ਸੀ, ਪਰ ਹੁਣ ਇਸ ਟਕਰਾਅ ਦਾ ਬਹਾਨਾ ਬਣਾ ਕੇ ਤੇਲ ਕੀਮਤਾਂ 'ਚ ਵਾਧਾ ਕੀਤਾ ਜਾ ਰਿਹਾ ਹੈ। ਗੋਗੋਈ ਨੇ ਕਿਹਾ ਕਿ ਹਾਲੇ ਇਹ ਨਹੀਂ ਪਤਾ ਕਿ ਹੋਰ ਕਿੰਨਾ ਵਾਧਾ ਕੀਤਾ ਜਾਵੇਗਾ। ਕਾਂਗਰਸ ਮੈਂਬਰ ਨੇ ਕਿਹਾ ਕਿ ਲੋਕ ਅਜਿਹਾ ਮਾਹੌਲ ਚਾਹੁੰਦੇ ਹਨ ਜਿੱਥੇ ਉਹ ਕਾਰੋਬਾਰ ਕਰ ਸਕਣ ਪਰ ਹੁਣ ਕੀਮਤਾਂ 'ਚ ਵਾਧੇ ਨੇ ਕਾਰੋਬਾਰਾਂ ਦੀ ਲਾਗਤ ਵੀ ਵਧਾ ਦਿੱਤੀ ਹੈ। ਹੋਰਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਵੀ ਸਰਕਾਰ ਨੂੰ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਸਦਨ ਵਿਚ ਮੌਜੂਦ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਤੋਂ ਇਲਾਵਾ ਡੀਐੱਮਕੇ, ਐੱਨਸੀਪੀ, ਖੱਬੀਆਂ ਧਿਰਾਂ ਨੇ ਸਦਨ 'ਚੋਂ ਵਾਕਆਊਟ ਕਰ ਕੇ ਵਿਰੋਧ ਦਰਜ ਕਰਾਇਆ।
ਬੀਰਭੂਮ ’ਚ ਹੋਈਆਂ ਮੌਤਾਂ ਦੇ ਮਾਮਲੇ ’ਤੇ ਹੰਗਾਮੇ ਕਾਰਨ ਅੱਜ ਰਾਜ ਸਭਾ ਦਾ ਸੈਸ਼ਨ ਕੁਝ ਸਮੇਂ ਲਈ ਮੁਲਤਵੀ ਕੀਤਾ ਗਿਆ। ਟੀਐੱਮਸੀ ਮੈਂਬਰਾਂ ਨੇ ਸਦਨ ਦੇ ਵਿਚਕਾਰ ਆ ਕੇ ਭਾਜਪਾ ਮੈਂਬਰ ਰੂਪਾ ਗਾਂਗੁਲੀ ਦਾ ਵਿਰੋਧ ਕੀਤਾ। ਗਾਂਗੁਲੀ ਨੇ ਬੀਰਭੂਮ ਹਿੰਸਾ ਮਾਮਲੇ ਬਾਰੇ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਟੀਐਮਸੀ ਉਤੇ ਕਟਾਖ਼ਸ਼ ਕੀਤਾ ਸੀ। ਰੂਪਾ ਨੇ ਸਦਨ ਵਿਚ ਭਾਵੁਕ ਹੁੰਦਿਆਂ ਕਿਹਾ ਕਿ ਪੱਛਮੀ ਬੰਗਾਲ ਵਿਚ ਜਨਮ ਲੈਣਾ ਅਪਰਾਧ ਨਹੀਂ ਹੈ।