ਨਿਊਜ਼ ਡੈਸਕ : ਰਾਜ ਸਭਾ 'ਚ ਅੱਜ ਵਿਰੋਧੀ ਧਿਰਾਂ ਨੇ 12 ਸੰਸਦ ਮੈਂਬਰਾਂ ਦੀ ਮੁਅੱਤਲੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ। ਇਸ ਦੌਰਾਨ ਉਪਰਲੇ ਸਦਨ ਦੀ ਕਾਰਵਾਈ ਕਈ ਵਾਰ ਰੋਕਣੀ ਪਈ। ਕਾਂਗਰਸ, ਖੱਬੇ ਪੱਖੀ ਪਾਰਟੀਆਂ ਤੇ ਟੀਐਮਸੀ ਨੇ ਵਾਰ-ਵਾਰ ਮੈਂਬਰਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ। ਰੌਲੇ-ਰੱਪੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਦੀ ਘਟਨਾ ਬਾਰੇ ਬਿਆਨ ਦਿੱਤਾ।
ਇਹੀ ਬਿਆਨ ਉਨ੍ਹਾਂ ਨੇ ਪਹਿਲਾਂ ਲੋਕ ਸਭਾ ਵਿਚ ਦਿੱਤਾ। ਸਦਨ ਨੂੰ ਅੱਜ ਚਾਰ ਵਾਰ ਮੁਲਤਵੀ ਕਰਨਾ ਪਿਆ। ਸ਼ਾਮ ਚਾਰ ਵਜੇ ਸਦਨ ਜਿਵੇਂ ਹੀ ਚੌਥੀ ਵਾਰ ਮੁਲਤਵੀ ਹੋਣ ਤੋਂ ਬਾਅਦ ਜੁੜਿਆ ਡਿਪਟੀ ਚੇਅਰਮੈਨ ਹਰਿਵੰਸ਼ ਨੇ ਸ਼ਾਹ ਨੂੰ ਬਿਆਨ ਦੇਣ ਲਈ ਕਹਿ ਦਿੱਤਾ। ਮੰਤਰੀ ਜਦ ਬੋਲ ਰਹੇ ਸਨ ਤਾਂ ਉਦੋਂ ਵੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜਾਰੀ ਰੱਖੀ। ਸ਼ਾਹ ਦਾ ਬਿਆਨ ਖ਼ਤਮ ਹੋਣ ’ਤੇ ਹਰਿਵੰਸ਼ ਨੇ ਮੈਂਬਰਾਂ ਨੂੰ ਸੀਟਾਂ ਉਤੇ ਮੁੜਨ ਲਈ ਕਿਹਾ। ਪਰ ਮੈਂਬਰ ਨਹੀਂ ਮੁੜੇ ਤੇ ਸਦਨ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਚੇਅਰਮੈਨ ਦੇ ਆਸਨ ’ਤੇ ਬੈਠੇ ਸਸਮਿਤ ਪਾਤਰਾ ਨੇ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਮਹਿੰਗਾਈ ਦੇ ਮੁੱਦੇ ਉਤੇ ਬੋਲਣ ਲਈ ਕਿਹਾ। ਪਰ ਖੜਗੇ ਨੇ ਪਹਿਲਾਂ 12 ਮੈਂਬਰਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਉਹ ਉਦੋਂ ਹੀ ਬੋਲਣਗੇ ਤੇ ਚਰਚਾ ਹੋਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਇਹ ਵਿਰੋਧੀ ਧਿਰ ਦਾ ਦੋਗਲਾਪਨ ਹੈ।