ਕੈਨੇਡਾ – ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 20 ਲੋਕ ਗ੍ਰਿਫ਼ਤਾਰ

by

ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਪੁਲਿਸ ਨੇ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਕਿ ਲਗਜ਼ਰੀ ਗੱਡੀਆਂ ਚੋਰੀ ਕਰਦੇ ਸਨ। ਇਸ ਗਿਰੋਹ ਨੇ ਔਟਾਵਾ ਅਤੇ ਪੂਰਬੀ ਉਨਟਾਰੀਓ ਵਿੱਚੋਂ ਕਰੋੜਾਂ ਡਾਲਰ ਦੀਆਂ ਲਗਭਗ 500 ਲਗਜ਼ਰੀ ਗੱਡੀਆਂ ਚੋਰੀ ਕੀਤੀਆਂ ਹਨ। ਚੋਰੀ ਕੀਤੇ ਗਏ ਵਾਹਨਾਂ ਵਿੱਚੋਂ ਪੁਲਿਸ ਨੇ ਦਰਜਨਾਂ ਗੱਡੀਆਂ ਬਰਾਮਦ ਵੀ ਕਰ ਲਈਆਂ ਹਨ। ਦੱਸ ਦਈਏ ਕਿ ਔਟਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਅਪਰਾਧਕ ਸ਼ਾਖਾ ਦੇ ਡਾਇਰੈਕਟਰ ਬਰਿਆਨ ਮੈਕੀਲੌਪ ਨੇ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਕਾਰ ਚੋਰੀਆਂ ਘਟਨਾਵਾਂ ਵਾਪਰਨ ਮਗਰੋਂ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਈ ਹੋਰ ਪੁਲਿਸ ਏਜੰਸੀਆਂ ਨਾਲ ਸਾਂਝੇ ਤੌਰ 'ਤੇ 'ਪ੍ਰੋਜੈਕਟ ਸ਼ਿਲਡੌਨ' ਨਾਂ ਹੇਠ ਅਪ੍ਰੇਸ਼ਨ ਸ਼ੁਰੂ ਕੀਤਾ ਸੀ। 

ਉਨਾਂ ਦੱਸਿਆ ਕਿ ਇਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਚੋਰ ਓਂਟਾਰੀਓ 'ਚ ਲੋਕਾਂ ਦੇ ਘਰਾਂ ਦੇ ਬਾਹਰ ਖੜੀਆਂ ਕਾਰਾਂ ਚੋਰੀ ਕਰਨ ਤੋਂ ਇਲਾਵਾ ਕਾਰ ਏਜੰਸੀਆਂ ਨੂੰ ਵੀ ਨਿਸ਼ਾਨਾ ਬਣਾਉਂਦੇ ਸਨ। ਇਸ ਗਿਰੋਹ ਨੇ ਗਰੇਟਰ ਟੋਰਾਂਟੋ ਏਰੀਆ ਅਤੇ ਔਟਾਵਾ ਰੀਜਨ ਸਣੇ ਉਨਟਾਰੀਓ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚੋਂ ਲਗਭਗ 500 ਤੋਂ ਵੱਧ ਮਹਿੰਗੀਆਂ ਕਾਰਾਂ ਚੋਰੀ ਕੀਤੀਆਂ ਹਨ। ਇਨਾਂ ਗੱਡੀਆਂ ਵਿੱਚੋਂ ਹਰੇਕ ਦੀ ਕੀਮਤ 60 ਹਜ਼ਾਰ ਡਾਲਰ ਅਤੇ 1 ਲੱਖ ਡਾਲਰ ਦੇ ਵਿਚਕਾਰ ਦੱਸੀ ਜਾ ਰਹੀ ਹੈ। 

ਪੁਲਿਸ ਨੇ ਚੋਰੀ ਹੋਈਆਂ ਗੱਡੀਆਂ ਵਿੱਚੋਂ 97 ਗੱਡੀਆਂ ਬਰਾਮਦ ਵੀ ਕਰ ਲਈਆਂ ਹਨ। ਦਸਣਯੋਗ ਹੈ ਕਿ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਇਸ ਸਬੰਧ ਵਿੱਚ 'ਪ੍ਰੋਜੈਕਟ ਸ਼ਿਲਡੌਨ' ਨਾਂ ਹੇਠ ਅਪ੍ਰੇਸ਼ਨ ਚਲਾਇਆ ਗਿਆ, ਜਦਕਿ ਲਾਵਲ ਪੁਲਿਸ ਨੇ ਵੀ ਇਸ ਮਾਮਲੇ ਵਿੱਚ ਲਾਵਲ ਅਤੇ ਗਰੇਟਰ ਮੌਂਟਰੀਅਲ ਵਿੱਚੋਂ 40 ਵਾਹਨ ਚੋਰੀ ਕਰਨ ਦੇ ਦੋਸ਼ ਵਿੱਚ 4 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ। ਕਾਰਾਂ ਚੋਰੀ ਦੇ ਮਾਮਲੇ ਵਿੱਚ ਲਾਵਲ ਵਿੱਚੋਂ 10 ਦਸੰਬਰ ਨੂੰ ਫੜੇ ਗਏ ਸ਼ੱਕੀ ਵਿਅਕਤੀਆਂ ਦੀ ਉਮਰ 19 ਅਤੇ 34 ਸਾਲ ਦੇ ਵਿਚਕਾਰ ਹੈ।