ਟਾਰਾਂਟੋ (ਦੇਵ ਇੰਦਰਜੀਤ) : ਓਨਟਾਰੀਓ ਦੇ ਸਟੇਅ-ਐਟ-ਹੋਮ ਆਰਡਰਜ਼ ਅੱਜ ਖ਼ਤਮ ਹੋਣ ਜਾ ਰਹੇ ਹਨ ਪਰ ਹੋਰ ਪਬਲਿਕ ਹੈਲਥ ਮਾਪਦੰਡ ਪਹਿਲਾਂ ਵਾਂਗ ਹੀ ਬਣੇ ਰਣਿਗੇ।ਅਪਰੈਲ ਵਿੱਚ ਲਾਗੂ ਕੀਤੇ ਗਏ ਇਨ੍ਹਾਂ ਨਿਯਮਾਂ ਵਿੱਚ ਰੈਜ਼ੀਡੈਂਟਸ ਨੂੰ ਉਸ ਸੂਰਤ ਵਿੱਚ ਹੀ ਘਰ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਜੇ ਉਨ੍ਹਾਂ ਨੇ ਐਕਸਰਸਾਈਜ਼ ਕਰਨੀ ਹੈ, ਗਰੌਸਰੀ ਖਰੀਦਣੀ ਹੈ ਤੇ ਜਾਂ ਫਿਰ ਉਨ੍ਹਾਂ ਨੂੰ ਹੈਲਥ ਕੇਅਰ ਦੀ ਲੋੜ ਹੈ। ਅੱਜ ਇਹ ਨਿਯਮ ਪ੍ਰਭਾਵੀ ਨਹੀਂ ਰਹਿ ਗਏ ਹਨ। ਪਰ ਹੋਰ ਮਾਪਦੰਡ ਜਿਵੇਂ ਕਿ ਆਊਟਡੋਰ ਇੱਕਠ ਦੌਰਾਨ ਪੰਜ ਵਿਅਕਤੀਆਂ ਦਾ ਜੁਟਨਾ ਤੇ ਇਨ ਪਰਸਨ ਰੀਟੇਲ ਤੇ ਨਾਲ ਨਾਲ ਹੋਰ ਕਾਰੋਬਾਰੀ ਪਾਬੰਦੀਆਂ ਜਾਰੀ ਰਹਿਣਗੀਆਂ।
ਪ੍ਰੋਵਿੰਸ ਇਸ ਮਹੀਨੇ ਦੇ ਅੰਤ ਵਿੱਚ ਅਰਥਚਾਰੇ ਨੂੰ ਮੁੜ ਖੋਲ੍ਹਣ ਉੱਤੇ ਵਿਚਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਕਾਰੋਬਾਰਾਂ ਉੱਤੇ ਲੱਗੀਆਂ ਪਾਬੰਦੀਆਂ ਤੇ ਆਊਟਡੋਰ ਗਤੀਵਿਧੀਆਂ ਉੱਤੇ ਲੱਗੀਆਂ ਪਾਬੰਦੀਆਂ ਵਿੱਚ ਵੀ ਛੋਟ ਦਿੱਤੇ ਜਾਣ ਦੀ ਸੰਭਾਵਨਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਾਂਮਾਰੀ ਦਾ ਰੌਂਅ ਹੁਣ ਥੋੜ੍ਹਾ ਮੱਠਾ ਪਿਆ ਹੈ ਤੇ ਹਾਲਾਤ ਸੁਧਰ ਰਹੇ ਹਨ ਪਰ ਅਜੇ ਪਾਬੰਦੀਆਂ ਹਟਾਏ ਜਾਣਾ ਸਹੀ ਨਹੀਂ ਹੋਵੇਗਾ।