ਓਂਂਟਾਰੀਓ (ਦੇਵ ਇੰਦਰਜੀਤ) - ਓਂਂਟਾਰੀਓ ਦੀ ਡੱਗ ਫੋਰਡ ਸਰਕਾਰ ਆਪਣੀਆਂ ਕੁਝ ਨਵੀਂ ਪੁਲਿਸ ਸ਼ਕਤੀਆਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਇਸ ਤੋਂ ਪਿੱਛੇ ਹਟ ਗਈ ਹੈ। ਅਜਿਹਾ ਫੋਰਡ ਸਰਕਾਰ ਦੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਵਾਸਤੇ ਲਏ ਫ਼ੈਸਲੇ ਤੋਂ ਬਾਅਦ ਹੋਏ ਤਿੱਖੇ ਵਿਰੋਧ ਕਾਰਨ ਕੀਤਾ ਗਿਆ ਹੈ। ਪੁਲਿਸ ਹੁਣ ਸਿਰਫ ਤਾਂ ਹੀ ਵਾਹਨਾਂ ਜਾਂ ਲੋਕਾਂ ਨੂੰ ਰੋਕ ਸਕੇਗੀ ਜੇਕਰ ਉਨ੍ਹਾਂ ਨੂੰ ਕਿਸੇ ਤੇ ਵੀ ਕੋਵਿਡ ਪਾਬੰਦੀਆਂ ਦੇ ਉਲਟ ਕਿਸੇ ਇੱਕ ਸੰਗਠਿਤ ਜਨਤਕ ਸਮਾਗਮ ਜਾਂ ਸਮਾਜਿਕ ਇਕੱਠ ਵਿੱਚ ਹਿੱਸਾ ਲੈਣ ਦਾ ਸ਼ੱਕ ਹੋਵੇ। ਦੱਸ ਦਈਏ ਕਿ ਬੀਤੇ ਦਿਨ ਫੋਰਡ ਸਰਕਾਰ ਨੇ ਪੁਲਿਸ ਨੂੰ ਵਾਧੂ ਸ਼ਕਤੀਆਂ ਦੇਣ ਦਾ ਐਲਾਨ ਕੀਤਾ ਸੀ।
ਡੱਗ ਫੋਰਡ ਸਰਕਾਰ ਨੇ ਸ਼ੁਰੂਆਤ ਵਿਚ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਪੁਲਿਸ ਲੋਕਾਂ ਨੂੰ ਬੇਤਰਤੀਬੇ ਰੋਕ ਸਕਦੀ ਹੈ ਅਤੇ ਇਹ ਪੁੱਛ ਸਕਦੀ ਹੈ ਕਿ ਉਹ ਘਰ ਕਿਉਂ ਨਹੀਂ ਹਨ । ਕੋਵਿਡ-19 ਦੇ ਵੱਧ ਰਹੇ ਕੇਸਾਂ ਨੂੰ ਰੋਕਣ ਵਿਚ ਸਹਾਇਤਾ ਕਰਨ ਲਈ ਉਹ ‘ਸਟੇਅ ਐਟ ਹੋਮ’ ਦੇ ਆਦੇਸ਼ ਦੇ ਹਿੱਸੇ ਵਜੋਂ ਉਹ ਕੀ ਕਰ ਰਹੇ ਹਨ । ਇਸ ਦੇ ਵਿਰੋਧ ਵਿੱਚ ਕੈਨੇਡੀਅਨ ਸਿਵਲ ਲਿਬਰਟੀ ਐਸੋਸੀਏਸ਼ਨ ਨੇ ਇਸ ਹੁਕਮ ਨੂੰ ਅਦਾਲਤ ਵਿੱਚ ਲੈ ਜਾਣ ਦੀ ਗੱਲ ਆਖੀ ਸੀ।
ਫਿਲਹਾਲ ਫੋਰਡ ਸਰਕਾਰ ਵੱਲੋਂ ਪੁਲੀਸ ਸ਼ਕਤੀਆਂ ਸਬੰਧੀ ਲਏ ਗਏ ਫੈਸਲੇ ਨੂੰ ਵਾਪਸ ਲੈਣ ਤੇ ਕੈਨੇਡੀਅਨ ਸਿਵਲ ਲਿਬਰਟੀ ਐਸੋਸੀਏਸ਼ਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਜਿਹਾ ਹੁਣ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਫੋਰਡ ਸਰਕਾਰ ਦੇ ਪੁਲਿਸ ਨੂੰ ਵਾਧੂ ਸ਼ਕਤੀਆਂ ਦੇਣ ਦੇ ਤਾਜ਼ਾ ਹੁਕਮਾਂ ‘ਤੇ ਇਸ ਦਾ ਤਿੱਖਾ ਵਿਰੋਧ ਹੋਇਆ ਸੀ। ਇੱਥੋਂ ਤਕ ਕਿ ਇਸ ਤਬਦੀਲੀ ਬਾਰੇ ਓਂਟਾਰੀਓ ਵਿੱਚ ਕਈ ਪੁਲਿਸ ਸੇਵਾਵਾਂ ਨੇ ਸ਼ੁੱਕਰਵਾਰ ਨੂੰ ਇਤਰਾਜ਼ ਵੀ ਜ਼ਾਹਰ ਕੀਤਾ ਸੀ ।