ਟੋਰਾਂਟੋ (ਦੇਵ ਇੰਦਰਜੀਤ) : ਮਹਾਂਮਾਰੀ ਦੌਰਾਨ ਵਿਦੇਸ਼ 'ਚ ਛੁੱਟੀਆਂ ਮਨਾਉਣ ਦੇ ਚਲਦਿਆਂ ਵਿਵਾਦਾਂ 'ਚ ਘਿਰੇ ਉਨਟਾਰੀਓ ਦੇ ਵਿੱਤ ਮੰਤਰੀ ਰੌਡ ਫਿਲਿਪਸ ਨੇ ਅਸਤੀਫ਼ਾ ਦੇ ਦਿੱਤਾ ਹੈ। ਪ੍ਰੀਮੀਅਰ ਡੱਗ ਫੋਰਡ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਵੀ ਕਰ ਲਿਆ ਅਤੇ ਪੀਟਰ ਬੈਥਲੇਨਫਲਵੀ ਨੂੰ ਵਿੱਤ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਰੌਡ ਫ਼ਿਲਿਪਸ ਨੇ ਆਪਣੀ ਗ਼ਲਤੀ ਲਈ ਮੁਆਫ਼ੀ ਮੰਗ ਲਈ ਸੀ ਅਤੇ ਉਹ ਵਿਦੇਸ਼ ਤੋਂ ਵਾਪਸ ਆਉਣ ਮਗਰੋਂ 14 ਦਿਨ ਲਈ ਆਪਣੇ ਘਰ 'ਚ ਏਕਾਂਤਵਾਸ ਚੱਲ ਰਹੇ ਹਨ।
ਦੱਸ ਦੇਈਏ ਰੌਡ ਫ਼ਿਲਿਪਸ 13 ਦਸੰਬਰ ਨੂੰ ਆਪਣੀ ਪਤਨੀ ਨਾਲ ਕੈਰੇਬੀਅਨ ਮੁਲਕ ਸੇਂਟ ਬਾਰਟਸ ਰਵਾਨਾ ਹੋਏ ਸਨ ਅਤੇ ਉਸ ਵੇਲੇ ਤੱਕ ਟੋਰਾਂਟੋ ਤੇ ਪੀਲ ਰੀਜਨ ਵਿਚ ਲੌਕਡਾਊਨ ਲੱਗ ਚੁੱਕਾ ਸੀ। ਰੌਡ ਫ਼ਿਲਿਪਸ ਦਾ ਮਾਫ਼ੀਨਾਮਾ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਦੀ ਉਸ ਤਲਖ਼ ਟਿੱਪਣੀ ਮਗਰੋਂ ਸਾਹਮਣੇ ਆਇਆ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਸੂਬੇ ਦੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਥੋਂ ਦੇ ਮੰਤਰੀ ਸੈਰ-ਸਪਾਟਾ ਕਰ ਰਹੇ ਹਨ।
ਡਗ ਫੋਰਡ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਸੀ, ''ਮੰਤਰੀ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੋਣੀ ਚਾਹੀਦੀ ਹੈ ਕਿ ਸੈਰ-ਸਪਾਟੇ ਲਈ ਵਿਦੇਸ਼ ਜਾਣ ਦੀ ਗੱਲ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪ੍ਰੀਮੀਅਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਤਾਂ ਹੀ ਹਰਾਇਆ ਜਾ ਸਕਦਾ ਹੈ ਜੇ ਸੂਬੇ ਦਾ ਹਰ ਸ਼ਖਸ ਸਿਹਤ ਮਾਹਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰੇਗਾ। ਇਥੇ ਦਸਣਾ ਬਣਦਾ ਹੈ ਕਿ ਮਹਾਂਮਾਰੀ ਦੇ ਮੱਦੇਨਜ਼ਰ ਡਗ ਫ਼ੋਰਡ ਸਰਕਾਰ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਿੱਖਿਆ ਦੇ ਰਹੀ ਹੈ ਜਦਕਿ ਵਿੱਤ ਮੰਤਰੀ ਵਿਦੇਸ਼ ਦੀ ਸੈਰ 'ਤੇ ਨਿਕਲ ਗਿਆ ਸੀ।
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਸੂਬੇ ਵਿੱਚ ਲੌਕਡਾਊਨ ਲੱਗਾ ਹੋਣ ਦੇ ਬਾਵਜੂਦ ਵਿਦੇਸ਼ ਯਾਤਰਾ ਕਰਕੇ ਵਿੱਤ ਮੰਤਰੀ ਰੌਡ ਫਿਲਿਪਸ ਨੇ ਨਿਯਮਾਂ ਨੂੰ ਤੋੜਿਆ ਹੈ। ਇਸ ਲਈ ਉਨ੍ਹਾਂ ਨੇ ਵਿੱਤ ਮੰਤਰੀ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਦੱਸ ਦਈਏ ਕੀ ਉਨ੍ਹਾਂ ਦੀ ਥਾਂ ਟਰੇਜ਼ਰੀ ਬੋਰਡ ਦੇ ਮੌਜੂਦਾ ਪ੍ਰਧਾਨ ਪੀਟਰ ਬੈਥਲੇਨਫਲਵੀ ਨੂੰ ਵਿੱਤ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਫੋਰਡ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੀਟਰ ਇਸ ਅਹੁਦੇ ਦੀ ਜ਼ਿੰਮੇਦਾਰੀ ਨੂੰ ਬਾਖ਼ੂਬੀ ਨਿਭਾਉਣਗੇ।