ਓਨਟਾਰੀਓ (ਦੇਵ ਇੰਦਰਜੀਤ) : ਓਨਟਾਰੀਓ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 1100 ਤੋਂ ਵੀ ਘੱਟ ਨਵੇਂ ਮਾਮਲੇ ਦਰਜ ਕੀਤੇ ਗਏ। ਇਹ ਮਾਰਚ ਤੋਂ ਲੈ ਕੇ ਹੁਣ ਤੱਕ ਇੱਕ ਦਿਨ ਵਿੱਚ ਪਾਏ ਗਏ ਸੱਭ ਤੋਂ ਘੱਟ ਮਾਮਲੇ ਹਨ।
ਪ੍ਰੋਵਿੰਸ਼ੀਅਲ ਹੈਲਥ ਅਧਿਕਾਰੀਆਂ ਵੱਲੋਂ ਕਰੋਨਾਵਾਇਰਸ ਦੇ ਨਵੇਂ 1039 ਮਾਮਲੇ ਰਿਕਾਰਡ ਕੀਤੇ ਗਏ ਤੇ 33 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ। ਇਹ ਮਾਮਲੇ 6 ਮਾਰਚ ਨੂੰ ਰਿਕਾਰਡ ਕੀਤੇ ਗਏ 990 ਮਾਮਲਿਆਂ ਤੋਂ ਬਾਅਦ ਸੱਭ ਤੋਂ ਘੱਟ ਮਾਮਲੇ ਦੱਸੇ ਜਾ ਰਹੇ ਹਨ।ਪਿਛਲੇ 24 ਘੰਟਿਆਂ ਵਿੱਚ 16,857 ਟੈਸਟ ਕੀਤੇ ਗਏ। ਪ੍ਰੋਵਿੰਸ ਦੀ ਪਾਜ਼ੀਟਿਵਿਟੀ ਦਰ ਹੁਣ 6·4 ਫੀ ਸਦੀ ਹੈ, ਜਿਸ ਵਿੱਚ ਇੱਕ ਦਿਨ ਪਹਿਲਾਂ ਨਾਲੋਂ ਕੋਈ ਤਬਦੀਲੀ ਨਹੀਂ ਹੋਈ ਹੈ। ਇਹ ਖੁਲਾਸਾ ਸਿਹਤ ਮੰਤਰਾਲੇ ਵੱਲੋਂ ਕੀਤਾ ਗਿਆ।
ਸੋਮਵਾਰ ਨੂੰ ਓਨਟਾਰੀਓ ਵਿੱਚ 1446 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ ਅੱਠ ਹੋਰ ਮੌਤਾਂ ਹੋਈਆਂ ਸਨ। ਵਿਕਟੋਰੀਆ ਡੇਅ ਹਾਲੀਡੇਅ ਕਾਰਨ ਪ੍ਰੋਵਿੰਸ ਵੱਲੋਂ ਸੋਮਵਾਰ ਨੂੰ ਕੋਈ ਅੰਕੜੇ ਜਾਰੀ ਨਹੀਂ ਕੀਤੇ ਗਏ। ਪਿਛਲੇ ਦੋ ਦਿਨਾਂ ਵਿੱਚ ਰਿਪੋਰਟ ਕੀਤੇ ਗਏ ਮਾਮਲਿਆਂ ਨੂੰ ਵੇਖਣ ਉੱਤੇ ਪ੍ਰੋਵਿੰਸ ਵਿੱਚ ਇਨਫੈਕਸ਼ਨ ਦੇ ਘੱਟ ਹੋਣ ਦਾ ਹੀ ਪਤਾ ਲੱਗ ਰਿਹਾ ਹੈ। ਐਤਵਾਰ ਨੂੰ ਓਨਟਾਰੀਓ ਵਿੱਚ 1691 ਤੇ ਸ਼ਨਿੱਚਰਵਾਰ ਨੂੰ 1794 ਜਦਕਿ ਸ਼ੁੱਕਰਵਾਰ ਨੂੰ 1890 ਮਾਮਲੇ ਦਰਜ ਕੀਤੇ ਗਏ ਸਨ।
ਇਹ ਵੀ ਪਤਾ ਲੱਗਿਆ ਹੈ ਕਿ ਪ੍ਰੋਵਿੰਸ ਵਿੱਚ ਪਿਛਲੇ ਦੋ ਦਿਨਾਂ ਵਿੱਚ 4100 ਹੋਰ ਲੋਕ ਰਿਕਵਰ ਕਰ ਚੁੱਕੇ ਹਨ ਜਦਕਿ ਇਸ ਸਮੇਂ ਪ੍ਰੋਵਿੰਸ ਭਰ ਵਿੱਚ 19026 ਐਕਟਿਵ ਮਾਮਲੇ ਪਾਏ ਗਏ ਹਨ।