ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਟਕ ਤੋਂ ਦਿਲ - ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 22 ਸਾਲਾ ਨੌਜਵਾਨ ਨੇ 17 ਸਾਲਾ ਨਾਬਾਲਗ ਕੁੜੀ 'ਤੇ ਤੇਜ਼ਾਬ ਸੁੱਟ ਦਿੱਤਾ। ਪੁਲਿਸ ਨੇ ਦੋਸ਼ੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਪੀੜਤ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਦੋਸ਼ੀ ਨੇ ਵਿਆਹ ਦਾ ਪ੍ਰਸਤਾਵ ਠੁਕਰਾ ਦੇਣ 'ਤੇ ਨਾਬਾਲਗ ਕੁੜੀ 'ਤੇ ਤੇਜ਼ਾਬ ਸੁੱਟ ਦਿੱਤਾ। ਦੋਸ਼ੀ ਦੀ ਪਛਾਣ ਸੁਮੰਥ ਦੇ ਰੂਪ 'ਚ ਹੋਈ ਹੈ ।
ਡਾਕਟਰਾਂ ਨੇ ਕਿਹਾ ਕਿ ਪੀੜਤ ਆਪਣੀ ਅੱਖਾਂ ਦੀ ਰੋਸ਼ਨੀ ਗੁਆ ਸਕਦੀ ਹੈ ।ਉਸ ਦੀਆਂ ਅੱਖਾਂ ਦੀ ਤਿੰਨ ਪਰਤਾਂ 'ਚ ਤੇਜ਼ਾਬ ਚਲਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਦੋਸ਼ੀ ਸੁਮੰਥ ਕਾਰ ਮੈਕੇਨਿਕ ਦਾ ਕੰਮ ਕਰਦਾ ਹੈ ਤੇ ਉਹ ਆਪਣੇ ਗੈਰਾਜ ਕੋਲ ਹੀ ਰਹਿੰਦੀ ਇੱਕ ਕੁੜੀ ਨਾਲ ਪਿਆਰ ਕਰਦਾ ਸੀ। ਰੋਜ਼ਾਨਾ ਉਹ ਉਸ ਦਾ ਰਾਹ ਰੋਕ ਕੇ ਉਸ ਨੂੰ ਪ੍ਰੇਸ਼ਾਨ ਕਰਦਾ ਸੀ। ਕੁੜੀ ਨੇ ਸੁਮੰਥ ਨਾਲ ਵਿਆਹ ਕਰਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਇਸ ਗੱਲ ਤੋਂ ਦੋਸ਼ੀ ਸੁਮੰਥ ਨੇ ਗੁੱਸੇ 'ਚ ਆ ਕੇ ਅੱਜ ਉਸ ਤੇ ਤੇਜ਼ਾਬ ਸੁੱਟ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ।