ਚੰਡੀਗੜ੍ਹ,(ਦੇਵ ਇੰਦਰਜੀਤ) :ਕੋਰੋਨਾ ਮਾਮਲਿਆਂ ’ਚ ਦੋਬਾਰਾ ਵਾਧੇ ਦੇ ਚਲਦੇ ਉਦਯੋਗਿਕ ਨਗਰੀ ਲੁਧਿਆਣਾ ਦੇ ਹੋਟਲ ਤੇ ਰਿਜ਼ਾਰਟ ਇੰਡਸਟਰੀ ਲਈ ਮਾੜੇ ਦਿਨ ਫਿਰ ਤੋਂ ਸ਼ੁਰੂ ਹੋ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਵਿਆਹ ਸਮਾਰੋਹ ’ਚ ਸਿਰਫ 20 ਲੋਕਾਂ ਦੇ ਸ਼ਾਮਲ ਹੋਣ ਦੀ ਆਗਿਆ ਦਿੱਤੀ। ਇਸ ਹੁਕਮ ਤੋਂ ਬਾਅਦ ਹੋਟਲ ਤੇ ਰਿਜ਼ਾਰਟ ਇੰਡਸਟਰੀ ’ਤੇ ਸੰਕਟ ਦੇ ਬੱਦਲ ਛਾ ਗਏ ਹਨ। ਮਾਰਚ ਦੇ ਬੁੱਕ ਪ੍ਰੋਗਰਾਮ ਰੱਦ ਹੋਣ ਤੋਂ ਬਾਅਦ ਹੁਣ ਅਪ੍ਰੈਲ ਲਈ ਬੁਕਿੰਗ ਦਾ ਦੌਰ ਖ਼ਤਮ ਹੋ ਗਿਆ ਹੈ। ਇਥੋਂ ਤਕ ਕਿ ਹੁਣ ਲੋਕ ਪੁੱਛਗਿੱਛ ਲਈ ਵੀ ਨਹੀਂ ਆ ਰਹੇ। ਨਾਈਟ ਕਰਫਿਊ ਤੇ 20 ਲੋਕਾਂ ਦੀ ਪਾਬੰਦੀ ਨਾਲ ਜ਼ਿਲ੍ਹੇ ਦੇ 130 ਮੈਰਿਜ ਪੈਲੇਸ ਮੁਸ਼ਕਲਾਂ ’ਚ ਪੈ ਗਏ ਹਨ।
ਉਦਯੋਗਿਕ ਨਗਰੀ ਲੁਧਿਆਣਾ ਸ਼ਾਹੀ ਵਿਆਹਾਂ ਲਈ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ’ਚ ਜਾਣਿਆ ਜਾਂਦਾ ਹੈ। ਅਜਿਹੇ ’ਚ ਇਕ ਸਾਲ ਬੀਤ ਜਾਣ ਤੋਂ ਬਾਅਦ ਦੁਬਾਰਾ ਲਾਕਡਾਊਨ ਜਿਹੇ ਆਸਾਰ ਹੋਣ ਨਾਲ ਹੁਣ ਹੋਟਲ ਤੇ ਰਿਜ਼ਾਰਟ ਇੰਡਸਰਟਰੀ ਲਈ ਆਪਣੇ ਸਟਾਫ ਦੇ ਨਾਲ-ਨਾਲ ਹੋਟਲ ਦੀ ਮੁਰੰਮਤ ਕਰ ਪਾਉਣਾ ਹੀ ਮੁਸ਼ਕਿਲ ਹੋ ਗਿਆ ਹੈ। ਹੋਟਲ ਤੇ ਰਿਜ਼ਾਰਟ ਪ੍ਰਬੰਧਕ ਇਸ ਨੂੰ ਲੈ ਕੇ ਜਲਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ ਤੇ ਸਮੱਸਿਆ ਦੇ ਹੱਲ ਦੀ ਗੁਹਾਰ ਲਗਾਉਣਗੇ। ਉਥੇ ਸਰਕਾਰ ਤੋਂ ਮੰਗ ਕਰਨਗੇ ਕਿ ਉਨ੍ਹਾਂ ਨੂੰ ਨਿਯਮਾਂ ਦੇ ਦਾਇਰੇ ’ਚ ਕੁਝ ਰਾਹਤ ਦਿੱਤੀ ਜਾਵੇ।