ਨਜਾਇਜ਼ ਹਥਿਆਰ ਸਮੇਤ ਇੱਕ ਵਿਅਕਤੀ ਕਾਬੂ, ਜਾਂਚ ਵਿੱਚ ਜੁਟੀ ਪੁਲਿਸ

by nripost

ਸਾਹਨੇਵਾਲ (ਰਾਘਵ) : ਥਾਣਾ ਕੂੰਮ ਕਲਾਂ ਅਧੀਨ ਆਉਂਦੇ ਇਲਾਕੇ 'ਚੋਂ ਇਕ ਵਿਅਕਤੀ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਦਰ ਦੇ ਮੁਖੀ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਗਸ਼ਤ ਦੌਰਾਨ ਸ਼ੱਕੀ ਤੇ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਨਜਾਇਜ਼ ਸਾਮਾਨ ਲੈ ਕੇ ਕੂਮ ਖੁਰਦ ਵੱਲ ਜਾ ਰਿਹਾ ਹੈ। ਪੁਲਿਸ ਨੇ ਤੁਰੰਤ ਪੁਲਿਸ ਪਾਰਟੀ ਗਠਿਤ ਕਰਕੇ ਸੂਏਵਾਲਾ ਰੋਡ 'ਤੇ ਨਾਕਾਬੰਦੀ ਕਰਕੇ ਇੱਕ ਵਿਅਕਤੀ ਨੂੰ ਰੋਕਿਆ, ਜਿਸ ਕੋਲੋਂ ਇੱਕ ਦੇਸੀ 315 ਬੋਰ ਦਾ ਪਿਸਤੌਲ ਬਰਾਮਦ ਕਰਕੇ ਉਸਨੂੰ ਕਾਬੂ ਕਰ ਲਿਆ ਗਿਆ। ਥਾਣਾ ਮੁਖੀ ਨੇ ਉਸ ਦੀ ਪਛਾਣ ਦੀਪਕ ਦੀਕਸ਼ਿਤ ਪੁੱਤਰ ਜੈ ਭਗਵਾਨ ਸ਼ਰਮਾ ਵਾਸੀ ਕੂਮਖੁਰਦ, ਲੁਧਿਆਣਾ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਹਥਿਆਰ ਨਾਲ ਉਸ ਨੇ ਹੋਰ ਕਿਹੜੇ-ਕਿਹੜੇ ਅਪਰਾਧ ਕੀਤੇ ਹਨ ਅਤੇ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ |