ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰੂਗ੍ਰਾਮ 'ਚ ਪਾਲੜਾ ਪਿੰਡ 'ਚ ਹੋਲੀ ਦੇ ਦਿਨ ਸੈਲਫੀ ਲੈਂਦੇ ਸਮੇਂ ਤਿੰਨ ਦੋਸਤਾਂ 'ਚੋਂ ਦੋ ਨੌਜਵਾਨ ਤਲਾਬ 'ਚ ਡੁੱਬ ਗਏ, ਜਿਸ 'ਚੋਂ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜੇ ਨੂੰ ਜ਼ਖਮੀ ਹਾਲਤ 'ਚ ਤਲਾਬ 'ਚੋਂ ਬਾਹਰ ਕੱਢ ਲਿਆ ਗਿਆ।
ਸੂਚਨਾ ਮਿਲਦੇ ਹੀ ਪੁਲਸ ਅਤੇ ਸਿਵਲ ਡਿਫੈਂਸ ਦੀ ਟੀਮ ਗੋਤਾਖੋਰਾਂ ਨਾਲ ਮੌਕੇ ’ਤੇ ਪਹੁੰਚੀ ਅਤੇ ਕਰੀਬ ਡੇਢ ਘੰਟੇ ਦੀ ਭਾਲ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਸ ਮੁਤਾਬਕ ਰਾਹੁਲ , ਲਲਿਤ ਅਤੇ ਇਕ ਹੋਰ ਨੌਜਵਾਨ ਸ਼ੁੱਕਰਵਾਰ ਸਵੇਰ ਹੋਲੀ ਮਨਾ ਰਹੇ ਸਨ। ਮੌਜ-ਮਸਤੀ ਕਰਦੇ ਤਿੰਨੋਂ ਪਿੰਡ ਦੇ ਤਲਾਬ ’ਤੇ ਪਹੁੰਚ ਗਏ। ਇੱਥੇ ਤਿੰਨੋਂ ਤਲਾਬ ਦੇ ਕੰਢੇ ਜੰਜ਼ੀਰ ਬਣਾ ਕੇ ਸੈਲਫੀ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਪੈਰ ਫਿਸਲ ਗਿਆ।
ਇਸ ਘਟਨਾ ਵਿਚ ਰਾਹੁਲ ਅਤੇ ਲਲਿਤ ਤਲਾਬ ’ਚ ਡਿੱਗ ਗਏ।ਉਨ੍ਹਾਂ ਨੂੰ ਬਚਾਉਣ ਲਈ ਤੀਜੇ ਦੋਸਤ ਨੇ ਵੀ ਛਾਲ ਮਾਰ ਦਿੱਤੀ, ਜਿਸ ਨੇ ਲਲਿਤ ਨੂੰ ਬਾਹਰ ਕੱਢਿਆ ਪਰ ਉਹ ਰਾਹੁਲ ਨੂੰ ਨਹੀਂ ਫੜ ਸਕੇ।
ਜਾਂਚ 'ਚ ਸਾਹਮਣੇ ਆਇਆ ਹੈ ਕਿ ਤਲਾਬ ਦੇ ਆਲੇ-ਦੁਆਲੇ ਬਾਊਂਡਰੀ ਕਰ ਕੇ ਗਰਿੱਲ ਲਗਾਈ ਗਈ ਹੈ। ਤਲਾਬ ਦੀ ਸਫਾਈ ਲਈ ਚਾਰੇ ਪਾਸੇ ਗੇਟ ਲਗਾਏ ਗਏ ਹਨ। ਇਸ ਗੇਟ ਰਾਹੀਂ ਤਿੰਨੋਂ ਬੱਚੇ ਅੰਦਰ ਵੜ ਗਏ ਸਨ ਅਤੇ ਸਲੈਬ 'ਤੇ ਲਟਕ ਕੇ ਜ਼ੰਜੀਰਾਂ ਬਣਾ ਕੇ ਸੈਲਫੀ ਲੈ ਰਹੇ ਸਨ। ਇਸ ਦੌਰਾਨ ਉਹ ਪੈਰ ਫਿਸਲਣ ਕਾਰਨ ਤਲਾਬ ਵਿਚ ਡਿੱਗ ਪਏ ਅਤੇ ਇਹ ਹਾਦਸਾ ਵਾਪਰ ਗਿਆ।