ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਵਿੱਖੇ ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਕਸਬਾ ਵਡਾਲਾ ਬਾਂਗਰ ਸਥਿਤ ਚਿਕਨ ਸ਼ਾਪ ਤੇ ਚੱਲੀਆਂ ਗੋਲੀਆਂ ਦੌਰਾਨ ਜ਼ਖ਼ਮੀ ਹੋਏ ਦਲਜੀਤ ਸਿੰਘ ਢੇਸੀਆਂ ਨੇ ਵੀ ਸੋਮਵਾਰ ਦੀ ਰਾਤ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਮ ਤੋੜ ਦਿੱਤਾ ਉਹ ਆਪਣੇ ਪਿੱਛੇ 6 ਮਹੀਨੇ ਦੇ ਬੱਚੇ ਨੂੰ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਮਿ੍ਤਕ ਦਲਜੀਤ ਸਿੰਘ ਦਾ ਸਿਵਲ ਹਸਪਤਾਲ ਬਟਾਲਾ ਵਿਖੇ ਪੋਸਟਮਾਰਟਮ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਵਡਾਲਾ ਬਾਂਗਰ ਸਥਿਤ ਚਿਕਨ ਸ਼ਾਪ ਤੇ ਬੈਠੇ ਤਿੰਨ ਦੋਸਤਾਂ ਤੇ 6 ਦੇ ਕਰੀਬ ਨਕਾਬਪੋਸ਼ਾਂ ਵੱਲੋਂ ਗੋਲੀਆਂ ਤੇ ਦਾਤਰ ਨਾਲ ਜਾਨ ਲੇਵਾ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਜਸਵੰਤ ਸਿੰਘ ਹੈਪੀ ਪੁੱਤਰ ਕੈਪਟਨ ਸ਼ਿੰਗਾਰਾ ਸਿੰਘ ਵਾਸੀ ਸ਼ਾਹਪੁਰ ਦੀ ਮੌਕੇ ਤੇ ਮੌਤ ਹੋ ਗਈ ਸੀ ਜਦ ਕਿ ਗਗਨ ਪੁੱਤਰ ਮੰਗਲ ਸਿੰਘ ਵਾਸੀ ਪੰਡਵਾਂ ਅਤੇ ਦਲਜੀਤ ਸਿੰਘ ਵਾਸੀ ਢੇਸੀਆਂ ਗੋਲੀਆਂ ਲੱਗਣ ਤੇ ਤੇਜ਼ ਹਥਿਆਰਾਂ ਨਾਲ ਕੀਤੇ ਗਏ ਹਮਲੇ ਕਾਰਨ ਜਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ । ਪੁਲਿਸ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਅਣਪਛਾਤਿਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ