ਬਨਾਰਸ (ਦੇਵ ਇੰਦਰਜੀਤ) : ਬੀ.ਐੱਚ.ਯੂ. ਦੇ ਜੂਲਾਜੀ ਵਿਭਾਗ ਦੇ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਅਤੇ ਨਿਊਰੋਲਾਜੀ ਵਿਭਾਗ ਦੇ ਪ੍ਰੋਫੈਸਰ ਵਿਜੇ ਨਾਥ ਮਿਸ਼ਰਾ ਦੀ ਟੀਮ ਨੇ ਆਪਣੇ ਅਧਿਐਨ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਤੋਂ ਠੀਕ ਹੋ ਚੁਕੇ ਲੋਕਾਂ ਦੇ ਸਰੀਰ 'ਚ ਟੀਕੇ ਦੀ ਪਹਿਲੀ ਖੁਰਾਕ ਲੈਣ ਦੇ 10 ਦਿਨਾਂ ਬਾਅਦ ਹੀ ਪੂਰੀ ਐਂਟੀਬਾਡੀ ਬਣ ਜਾਂਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਟੀਕੇ ਦੀ ਇਕ ਖੁਰਾਕ ਹੀ ਪੂਰੀ ਹੈ। ਪ੍ਰੋਫੈਸਰ ਚੌਬੇ ਨੇ ਦੱਸਿਆ ਕਿ 20 ਲੋਕਾਂ 'ਤੇ ਕੀਤੇ ਗਏ ਅਧਿਐਨ 'ਚ ਇਹ ਪਤਾ ਲੱਗਾ ਹੈ ਕਿ ਸੰਕਰਮਣ ਤੋਂ ਠੀਕ ਹੋ ਚੁਕੇ ਲੋਕਾਂ 'ਚ ਐਂਟੀਬਾਡੀ ਤੇਜ਼ੀ ਨਾਲ ਬਣਦੀ ਹੈ, ਉੱਥੇ ਹੀ ਸਿਹਤਮੰਦ ਲੋਕਾਂ 'ਚ ਐਂਟੀਬਾਡੀ ਬਣਨ 'ਚ 3 ਤੋਂ 4 ਹਫ਼ਤਿਆਂ ਦਾ ਸਮਾਂ ਲੱਗਦਾ ਹੈ।
ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਤੋਂ ਠੀਕ ਹੋ ਚੁਕੇ ਲੋਕਾਂ ਲਈ ਇਸ ਬੀਮਾਰੀ ਤੋਂ ਬਚਾਅ ਲਈ ਟੀਕੇ ਦੀ ਸਿਰਫ਼ ਇਕ ਖੁਰਾਕ ਹੀ ਕਾਫ਼ੀ ਹੈ। ਦੱਸਣਯੋਗ ਹੈ ਕਿ ਫਿਲਹਾਲ ਦੇਸ਼ 'ਚ 2 ਟੀਕਿਆਂ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਮਨਜ਼ੂਰੀ ਮਿਲੀ ਹੋਈ ਹੈ। ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਦੋਵੇਂ ਟੀਕਿਆਂ ਦੀਆਂ 2 ਖੁਰਾਕਾਂ ਲੈਣ ਦੀ ਜ਼ਰੂਰਤ ਹੈ।