ਅਪਾਰਟਮੈਂਟ ਦੀ ਡਿੱਗੀ ਇਮਾਰਤ, ਇਕ ਦੀ ਮੌਤ, ਬਚਾਅ ਕਾਰਜ ਜਾਰੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰੂਗ੍ਰਾਮ 'ਚ ਅਪਾਰਟਮੈਂਟ ਬਿਲਡਿੰਗ ਦਾ ਇਕ ਹਿੱਸਾ ਢਹਿ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਮਲਬੇ ਹੇਠਾਂ ਦੱਬੇ ਗਏ। ਜਾਣਕਰੀ ਅਨੁਸਾਰ ਚਿਨਟੇਲਜ਼ ਪੈਰਾਡੀਸੋ ਹਾਊਸਿੰਗ ਕੰਪਲੈਕਸ 'ਚ ਛੇਵੀਂ ਮੰਜ਼ਿਲ ਦੇ ਇਕ ਅਪਾਰਟਮੈਂਟ ਦੇ ਲਿਵਿੰਗ ਰੂਮ ਦੀ ਮੰਜ਼ਿਲ ਹੇਠਾਂ ਆ ਗਈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀਆਂ ਟੀਮਾਂ ਨੇ ਸੈਕਟਰ 109 'ਚ ਕੰਪਲੈਕਸ ਦੇ ਬਾਹਰ ਇਕੱਠੇ ਹੋਏ ਗੁਆਂਢੀ ਅਪਾਰਟਮੈਂਟ ਬਲਾਕਾਂ ਦੇ ਲੋਕਾਂ ਲਈ ਬਚਾਅ ਕੰਮ ਕੀਤਾ।

ਡਿਪਟੀ ਕਮਿਸ਼ਨਰਨੇ ਦੱਸਿਆ ਕਿ ਇਕ ਵਿਅਕਤੀ ਦੀ ਮੌਤ ਹੋ ਗਈ। ਮਲਬੇ ਹੇਠ ਦੱਬੇ ਬੇਹੋਸ਼ ਵਿਅਕਤੀਆਂ ਨੂੰ ਕੱਢਣ ਦੇ ਯਤਨ ਜਾਰੀ ਸਨ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਘਟਨਾ ਬਾਰੇ ਟਵੀਟ ਕਰਦਿਆਂ ਕਿਹਾ ਕਿ ਬਚਾਅ ਕਾਰਜ ਜਾਰੀ ਹਨ।“ਮੈਂ ਨਿੱਜੀ ਤੌਰ 'ਤੇ ਸਥਿਤੀ ਦੀ ਨਿਗਰਾਨੀ ਕਰ ਰਿਹਾ ਹਾਂ ਤੇ ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।

ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਟਾਵਰ ਡੀ, ਜਿਸ ਦਾ ਇਕ ਹਿੱਸਾ ਢਹਿ ਗਿਆ ਸੀ, 2018 'ਚ ਬਣਾਇਆ ਗਿਆ ਸੀ। ਕੰਪਲੈਕਸ 'ਚ ਤਿੰਨ ਹੋਰ ਟਾਵਰ ਹਨ। 18-ਮੰਜ਼ਲਾਂ ਟਾਵਰ ਡੀ 'ਚ ਚਾਰ ਬੈੱਡਰੂਮ ਵਾਲੇ ਅਪਾਰਟਮੈਂਟ ਹਨ। ਹਾਊਸਿੰਗ ਕੰਪਲੈਕਸ ਦੇ ਪ੍ਰਬੰਧਨ ਨੇ "ਬਹੁਤ ਹੀ ਮੰਦਭਾਗੀ ਘਟਨਾ" ਲਈ ਮੁਰੰਮਤ ਦੌਰਾਨ "ਲਾਪਰਵਾਹੀ" ਨੂੰ ਜ਼ਿੰਮੇਵਾਰ ਠਹਿਰਾਇਆ ਹੈ।