ਅੰਮ੍ਰਿਤਸਰ (ਹਰਮੀਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਵਾਦਤ ਦ੍ਰਿਸ਼ਾਂ ਵਾਲੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਕਰਨ ਦਾ ਦੋਸ਼ ਲਾਉਂਦਿਆਂ ਹੁਣ ਫਿਲਮ ਨਿਰਮਾਤਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇੰਨਾ ਹੀ ਨਹੀਂ, ਪ੍ਰਸਾਰਣ ਮੰਤਰਾਲੇ ਅਤੇ ਸੈਂਸਰ ਬੋਰਡ ਨੂੰ ਪੱਤਰ ਲਿਖ ਕੇ ਸਕ੍ਰਿਪਟ ਦੀ ਜਾਂਚ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਫਿਲਮ ਵਿਵਾਦਾਂ ਨਾਲ ਭਰੀ ਹੋਈ ਹੈ। ਇਸ ਦੀ ਮੁੱਖ ਅਦਾਕਾਰਾ ਕੰਗਨਾ ਰਣੌਤ ਸ਼ੁਰੂ ਤੋਂ ਹੀ ਪੰਜਾਬ, ਸਿੱਖਾਂ ਅਤੇ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੀ ਰਹੀ ਹੈ। ਐਮਰਜੈਂਸੀ ਨੂੰ ਖਤਮ ਕਰਨ ਵਿਚ ਪੰਜਾਬ ਅਤੇ ਅਕਾਲੀ ਦਲ ਦੇ ਯੋਗਦਾਨ ਬਾਰੇ ਕੁਝ ਨਹੀਂ ਕਿਹਾ ਗਿਆ ਪਰ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਝੂਠਾ ਅਕਸ ਪੇਸ਼ ਕੀਤਾ ਗਿਆ ਹੈ।
ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸੈਂਸਰ ਬੋਰਡ ਦੇ ਚੇਅਰਪਰਸਨ ਪ੍ਰਸੂਨ ਜੋਸ਼ੀ ਨੂੰ ਪੱਤਰ ਭੇਜਿਆ ਹੈ। ਜਿਸ ਵਿੱਚ ਸ਼੍ਰੋਮਣੀ ਕਮੇਟੀ ਤੋਂ ਫਿਲਮ ਦੀ ਰਿਲੀਜ਼ ਨੂੰ ਰੋਕਣ ਅਤੇ ਇਸ ਦੀ ਸਮੁੱਚੀ ਸਕਰਿਪਟ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕਰਨ ਦੀ ਮੰਗ ਕੀਤੀ ਗਈ ਹੈ। ਤਾਂ ਜੋ ਇਸ ਫਿਲਮ ਨੂੰ ਲੈ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਕੁਝ ਦਿਨ ਪਹਿਲਾਂ ਹੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ 1980 ਦੇ ਦਹਾਕੇ 'ਚ ਪੰਜਾਬ 'ਚ ਹੋਏ ਅੱਤਵਾਦ ਦੇ ਦੌਰ ਨੂੰ ਵੀ ਦਿਖਾਇਆ ਗਿਆ ਹੈ। ਇਸ ਵਿੱਚ ਇੱਕ ਪਾਤਰ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਹੈ, ਜਿਸਨੂੰ ਇੱਕ ਕੱਟੜਪੰਥੀ ਸਿੱਖ ਸੰਤ ਵਜੋਂ ਦੇਖਿਆ ਜਾਂਦਾ ਹੈ।