ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਜ਼ਿਲ੍ਹੇ ਨੀਮਚ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰੀ ਦੇ ਸ਼ੱਕ 'ਚ ਆਦਿਵਾਸੀ ਨੌਜਵਾਨ ਨਾਲ ਕੁੱਟਮਾਰ ਤੋਂ ਬਾਅਦ ਉਸ ਨੂੰ ਟਰੱਕ ਨਾਲ ਬੰਨ੍ਹ ਕੇ ਘੜੀਸਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਹੀ 100 ਨੰਬਰ 'ਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਨੇ ਚੋਰ ਨੂੰ ਫੜ ਲਿਆ ਹੈ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਜਖ਼ਮੀ ਨੂੰ ਹਸਪਤਾਲ ਭਰਤੀ ਕਰਵਾਇਆ ,ਜਿੱਥੇ ਉਸ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਇਸ ਮਾਮਲੇ ਵਿਚ 8 ਦੋਸ਼ੀਆਂ ਦੀ ਪਛਾਣ ਕਰ ਲਈ, ਜਿਨ੍ਹਾਂ 'ਚੋ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਪੁਲਿਸ ਵਲੋਂ ਟਰੱਕ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੀ ਰਹੀ ਹੈ। 45 ਸਾਲਾਂ ਮ੍ਰਿਤਕ ਕਨ੍ਹਈਆ ਭੀਲ ਬਾਂਦਾ ਦਾ ਰਹਿਣ ਵਾਲਾ ਸੀ, ਜਿਸ ਨੂੰ ਉਥੋਂ ਨਿਕਲ ਰਹੇ ਕੁਝ ਲੋਕਾਂ ਨੇ ਚੋਰ ਸਮਝ ਕੇ ਫੜ ਲਿਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਟਰੱਕ ਪਿੱਛੇ ਬੰਨ੍ਹ ਕੇ ਘੜੀਸਿਆ। ਮਰਨ ਤੋਂ ਪਹਿਲਾਂ ਨੌਜਵਾਨ ਨੇ ਲੋਕਾਂ ਸਾਹਮਣੇ ਹੱਥ ਪੈਰ ਵੀ ਜੋੜੇ ਪਰ ਕਾਤਲਾਂ ਨੇ ਉਸ ਦੀ ਇੱਕ ਨਾ ਸੁਣੀ ।