ਲੁਧਿਆਣਾ (ਰਾਘਵ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਵੇਂ ਚੁਣੇ ਗਏ ਸਰਪੰਚਾਂ ਨੂੰ ਸਹੁੰ ਚੁਕਾਉਣ ਦੇ ਲਈ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਧੁਨਾਨਸੂ ਪਿੰਡ ਪਹੁੰਚੇ। ਇਸ ਮੌਕੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਵੱਲੋਂ ਪਹਿਲਾਂ ਤੋਂ ਐਲਾਨੇ ਗਏ ਆਪਣੇ ਪ੍ਰੋਗਰਾਮ ਮੁਤਾਬਿਕ ਉਨ੍ਹਾਂ ਦਾ ਸਵਾਗਤ ਕਾਲੇ ਝੰਡੇ ਵਿਖਾ ਕੇ ਕੀਤਾ ਗਿਆ। ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਕੋਹਾੜਾ ਨਜਦੀਕ ਪਿੰਡ ਹੀਰਾਂ ਮੈਕਡੀ ਤੇ ਜਦੋ ਕਾਲੀਆਂ ਝੰਡੀਆਂ ਸਮੇਤ ਕੰਪਿਊਟਰ ਟੀਚਰ ਰੋਸ ਪਰਦਰਸ਼ਨ ਕਰ ਰਹੇ ਸੀ ਤਾਂ ਮੌਕੇ 'ਤੇ ਹੀ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਰੋਡ ਤੋਂ ਸਾਈਡ ਕਰ ਕੇ ਮੈਕਡੀ ਦੀ ਇਕ ਪਾਰਕ 'ਚ ਰੋਕ ਲਿਆ। ਇਸ ਮੌਕੇ ਕੰਪਿਊਟਰ ਅਧਿਆਪਕਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਰੋਸ ਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਮੌਜੂਦ ਸੂਬਾਈ ਆਗੂ ਪਰਮਵੀਰ ਸਿੰਘ ਪੰਮੀ, ਨਰਦੀਪ ਸ਼ਰਮਾ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਬਵਲੀਨ ਕੌਰ ਬੇਦੀ, ਹਰਪ੍ਰੀਤ ਕੌਰ ਸਾਹਨੇਵਾਲ, ਨਵਜੋਤ ਸਿੰਘ, ਗੁਰਪ੍ਰੀਤ ਕੌਰ ਦੇ ਨਾਲ ਨਾਲ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਪਹੁੰਚੇ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਤੋਂ ਉਹਨਾਂ ਦੇ ਨਾਲ ਲਾਰੇ ਲੱਪੇ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਗੂਆਂ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਸਰਕਾਰ ਬਣਨ ਤੇ ਇਹਨਾਂ ਨੂੰ ਬਿਨਾਂ ਦੇਰੀ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਝੂਠਾ ਵਾਅਦਾ ਨਿਕਲਿਆ। ਕੰਪਿਊਟਰ ਅਧਿਆਪਕਾਂ ਨੇ ਇੱਥੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਸਮਾਂ ਰਹਿੰਦੇ ਸਾਰੀਆਂ ਮੰਗਾਂ ਨੂੰ ਬਿਨਾਂ ਸ਼ਰਤ ਪੂਰਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਮੌਜੂਦ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੰਪਿਊਟਰ ਅਧਿਆਪਕਾਂ ਦੀ ਮੀਟਿੰਗ 26 ਨਵੰਬਰ ਨੂੰ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਦੇ ਨਾਲ ਕਰਵਾਉਣ ਦੀ ਗੱਲ ਵੀ ਆਖੀ ਪਰ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਲ ਪੈਨਲ ਮੀਟਿੰਗ ਕਰਵਾਉਣ ਤੇ ਅੜੇ ਰਹੇ।ਇਸ ਮੌਕੇ ਰੰਜਨ ਭਨੋਟ, ਹਰਜਿੰਦਰ ਸਿੰਘ, ਧਰਮਿੰਦਰ ਸਿੰਘ, ਵਰਿੰਦਰ ਸਿੰਘ, ਹਰਪਾਲਜੀਤ ਸਿੰਘ, ਨੀਲਮ ਰਾਣੀ, ਮੈਡਮ ਬਬੀਤਾ, ਹਰਪ੍ਰੀਤ ਕੌਰ, ਪ੍ਰਭਜੋਤ ਕੌਰ, ਜਤਿੰਦਰ ਸਿੰਘ, ਰਾਜਪਾਲ ਸਿੰਘ, ਅਵਤਾਰ ਸਿੰਘ, ਸੰਦੀਪ ਕੁਮਾਰ, ਰਵਿੰਦਰ ਕੌਰ, ਹਰਪ੍ਰੀਤ ਕੌਰ, ਰੁਪਿੰਦਰ ਕੌਰ, ਰੇਖਾ, ਸ਼ਾਲੂ, ਚੰਚਲ ਵਰਮਾ, ਚਰਨਜੀਤ ਕੌਰ, ਮੀਨੂੰ ਦੁਆ, ਮੈਡਮ ਬਿੰਦੀਆਂ, ਮੈਡਮ ਪੂਨਮ, ਮਨਪ੍ਰੀਤ ਕੌਰ ਹਾਜ਼ਰ ਸਨ।