ਲੰਡਨ (ਦੇਵ ਇੰਦਰਜੀਤ) : ਯੂਕੇ ਵਿੱਚ ਪਿਛਲੇ ਦਿਨਾਂ ਦੌਰਾਨ ਤੇਲ ਸਪਲਾਈ ਕਰਨ ਵਾਲੇ ਵਾਹਨ ਡਰਾਈਵਰਾਂ ਦੀ ਘਾਟ ਹੋਣ ਕਾਰਨ ਪੈਟਰੋਲ ਪੰਪਾਂ 'ਤੇ ਤੇਲ ਦੀ ਕਮੀ ਹੋ ਰਹੀ ਹੈ। ਇਸ ਸਮੱਸਿਆ ਕਰਕੇ ਕੁਝ ਪੈਟਰੋਲ ਪੰਪ ਬੰਦ ਹੋਣ ਤੋਂ ਬਾਅਦ ਤੇਲ ਮੁੱਕਣ ਦੇ ਡਰ ਤੋਂ ਲੋਕਾਂ ਨੇ ਪੰਪਾਂ ਅੱਗੇ ਲਾਈਨਾਂ ਲਗਾ ਲਈਆਂ ਸਨ।
ਜ਼ਿਆਦਾਤਰ ਪੈਟਰੋਲ ਪੰਪਾਂ 'ਤੇ ਲੋਕਾਂ ਨੂੰ ਕੈਨਾਂ ਆਦਿ ਵਿੱਚ ਵੀ ਤੇਲ ਲਿਜਾਂਦਿਆਂ ਵੇਖਿਆ ਗਿਆ। ਇਸ ਸੰਕਟ ਦੇ ਚਲਦਿਆਂ ਤਕਰੀਬਨ 50% ਤੋਂ 90% ਪੈਟਰੋਲ ਪੰਪ ਤੇਲ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ।
ਤੇਲ ਟੈਂਕਰ ਚਾਲਕਾਂ ਦੀ ਰਾਸ਼ਟਰੀ ਕਮੀ ਦੇ ਦੌਰਾਨ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ ਹੈ, ਜਦਕਿ ਸਰਕਾਰ ਜ਼ੋਰ ਦੇ ਰਹੀ ਹੈ ਕਿ ਤੇਲ ਦੀ ਘਾਟ ਨਹੀਂ ਹੈ। ਲਗਭਗ 5,500 ਸੁਤੰਤਰ ਪੈਟਰੋਲ ਪੰਪਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਪੈਟਰੋਲ ਰਿਟੇਲਰ ਐਸੋਸੀਏਸ਼ਨ ਦੇ ਚੇਅਰਮੈਨ ਬ੍ਰਾਇਨ ਮੈਡਰਸਨ ਨੇ ਚੇਤਾਵਨੀ ਦਿੱਤੀ ਹੈ ਕਿ ਤੇਲ ਮੁੱਕਣ ਦੇ ਡਰੋਂ ਕੀਤੀ ਖਰੀਦਦਾਰੀ ਨੇ ਗੰਭੀਰ ਸਮੱਸਿਆਵਾਂ ਪੈਦਾ ਕੀਤੀਆਂ ਹਨ।
ਯੂਕੇ ਵਿੱਚ ਲਗਭਗ 8,000 ਪੈਟਰੋਲ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਤੰਤਰ ਰਿਟੇਲਰਾਂ ਦੁਆਰਾ ਚਲਾਏ ਜਾਂਦੇ ਹਨ। ਪੈਦਾ ਹੋਈ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਵਿਦੇਸ਼ੀ ਕਾਮਿਆਂ ਨੂੰ ਅਸਥਾਈ ਵੀਜੇ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।