ਭੁਵਨੇਸ਼ਵਰ (ਰਾਘਵ) : ਸਕੂਲੀ ਬੱਚੇ ਪਰੇਡ 'ਚ ਹਿੱਸਾ ਲੈਣ ਲਈ ਪਿਕਅੱਪ ਵੈਨ 'ਚ ਸਵਾਰ ਹੋ ਕੇ ਜਾ ਰਹੇ ਸਨ। ਉਹ ਪਿਕਅੱਪ ਵੈਨ ਅੱਧ ਵਿਚਕਾਰ ਹੀ ਪਲਟ ਗਈ। ਇਸ ਹਾਦਸੇ 'ਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਬਚਾ ਕੇ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਕਟਕ ਜ਼ਿਲ੍ਹੇ ਦੇ ਬਾਂਕੀ ਥਾਣੇ ਨੇੜੇ ਵਾਪਰਿਆ।
ਸੂਤਰਾਂ ਮੁਤਾਬਕ ਮਾਲਬਿਹਾਰੀਪੁਰ ਹਾਈ ਸਕੂਲ ਦੇ ਬੱਚੇ ਆਪਣੇ ਸਕੂਲ ਦਾ ਗਣਤੰਤਰ ਦਿਵਸ ਖਤਮ ਕਰਕੇ ਸਾਰੰਦਾ ਪਰੇਡ ਗਰਾਊਂਡ ਜਾ ਰਹੇ ਸਨ। ਵਿਦਿਆਰਥੀ ਉਥੇ ਹੋਣ ਵਾਲੀ ਪਰੇਡ ਵਿਚ ਹਿੱਸਾ ਲੈਣ ਜਾ ਰਹੇ ਸਨ। ਇਸੇ ਦੌਰਾਨ ਨਟੀਆ ਬਾੜਾ ਨੇੜੇ ਵੈਨ ਪਲਟ ਗਈ। ਵੈਨ 'ਚ ਸਵਾਰ 23 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਅਠਗੜ੍ਹ ਸਬ-ਡਵੀਜ਼ਨਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਪੰਜ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਅਗਲੇਰੇ ਇਲਾਜ ਲਈ ਕਟਕ ਲਿਜਾਇਆ ਗਿਆ ਹੈ। ਹਾਲਾਂਕਿ ਕਟਕ ਜਾਂਦੇ ਸਮੇਂ ਮਾਧਾਪੁਰ ਨੇੜੇ ਸੌਮਿਆ ਰੰਜਨ ਬੇਹਰਾ ਨਾਮਕ ਵਿਦਿਆਰਥੀ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਅਠਗੜ੍ਹ ਸਬ-ਡਵੀਜ਼ਨਲ ਹਸਪਤਾਲ ਲਿਆਂਦਾ ਗਿਆ ਹੈ। ਅਠਗੜ੍ਹ ਦੇ ਉਪ ਕੁਲੈਕਟਰ ਪ੍ਰਹਿਲਾਦ ਨਰਾਇਣ ਸ਼ਰਮਾ, ਉਪ ਮੰਡਲ ਦੇ ਐਸਪੀ ਰਵਿੰਦਰ ਮਲਿਕ ਅਤੇ ਤਹਿਸੀਲਦਾਰ ਇਲਾਕਾ ਮੋਹਨ ਸਵੈਨ ਮੌਕੇ ’ਤੇ ਪੁੱਜੇ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।