by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਓਡੀਸ਼ਾ 'ਚ ਚਿਲਕਾ ਦੇ ਵਿਧਾਇਕ ਪ੍ਰਸ਼ਾਂਤ ਜਗਦੇਵ ਨੇ ਸ਼ਨੀਵਾਰ ਬਾਨਪੁਰ ਬਲਾਕ ਦਫ਼ਤਰ ਦੇ ਸਾਹਮਣੇ ਆਪਣੀ ਕਾਰ ਹੇਠ ਭੀੜ ਨੂੰ ਕੁਚਲ ਦਿੱਤਾ। ਇਸ ਕਾਰਨ 7 ਪੁਲਿਸ ਮੁਲਾਜ਼ਮ ਅਤੇ 15 ਭਾਜਪਾ ਵਰਕਰ ਜ਼ਖਮੀ ਹੋ ਗਏ।
ਘਟਨਾ ਪਿੱਛੋਂ ਗੁੱਸੇ ਵਿਚ ਆਈ ਭੀੜ ਨੇ ਬੀਜੂ ਜਨਤਾ ਦਲ ਦੇ ਮੁਅੱਤਲ ਵਿਧਾਇਕ ਜਗਦੇਵ 'ਤੇ ਹਮਲਾ ਕਰ ਕੇ ਉਨਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਉਨ੍ਹਾਂ ਨੂੰ ਤਾਂਗੀ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉੱਥੋਂ ਪੁਲਿਸ ਨੇ ਉਨ੍ਹਾਂ ਨੂੰ ਭੁਵਨੇਸ਼ਵਰ ਦੇ ਇਕ ਹਸਪਤਾਲ 'ਚ ਤਬਦੀਲ ਕਰ ਦਿੱਤਾ।
ਭਾਜਪਾ ਦੇ ਜਨਰਲ ਸਕੱਤਰ ਪ੍ਰਿਥਵੀ ਰਾਜ ਨੇ ਘਟਨਾ ਦੀ ਤਿੱਖੇ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹੇ ਵਿਧਾਇਕ ਨੂੰ ਉਸ ਦੇ ਗੈਰ-ਮਨੁੱਖੀ ਕੰਮ ਲਈ ਜੇਲ ਦੀਆਂ ਸੀਖਾਂ ਪਿੱਛੇ ਹੋਣਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਮੁੱਖ ਮੰਤਰੀ ਨਵੀਨ ਪਟਨਾਇਕ ਜਗਦੇਵ ਵਿਰੁੱਧ ਸਖਤ ਤੇ ਢੁਕਵੀਂ ਕਾਰਵਾਈ ਕਰਨਗੇ।