ਨਿਊਜ਼ ਡੈਸਕ (ਜਸਕਮਲ) : ਮੌਜੂਦਾ ਦੌਰ 'ਚ ਹਰ ਕੋਈ ਸਿਰਫ ਤੇ ਸਿਰਫ ਭੱਜਦੌੜ 'ਚ ਲੱਗਾ ਹੋਇਆ ਹੈ, ਕੋਈ ਆਪਣੇ ਕਰੀਅਰ, ਪੈਸਾ ਤੇ ਕੋਈ ਨੌਕਰੀ ਪੇਸ਼ੇ ਲਈ। ਇਸ ਭੱਜਦੌੜ 'ਚ ਮਨੁੱਖ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦਾ ਤੇ ਦੇਖਦੇ ਹੀ ਦੇਖਦੇ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਮੋਟਾਪੇ ਕਾਰਨ ਕਈ ਹੋਰ ਨਾਮੁਰਾਦ ਬਿਮਾਰੀਆਂ ਆ ਕੇ ਘੇਰ ਲੈਂਦੀਆਂ ਹਨ। ਭਾਰ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਸਿਹਤਮੰਦ ਖਾਣੇ ਦੀ ਗੱਲ ਕਰਦਾ ਹੈ ਪਰ ਇਸ ਖਾਣੇ ਵਿਚ ਕੀ ਆਉਂਦਾ ਹੈ ਤੇ ਕਦੋਂ ਖਾਣਾ ਚਾਹੀਦਾ ਇਸ ਬਾਰੇ ਪਤਾ ਹੋਣਾ ਵੀ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਜੋ ਮੰਨਣ ਲਈ ਕਹੀ ਜਾਂਦੀ ਹੈ ਉਹ ਹੈ ਰਾਤ ਨੂੰ ਹਲਕਾ ਖਾਣਾ ਹੀ ਗ੍ਰਹਿਣ ਕਰਨਾ ਚਾਹੀਦਾ ਹੈ। ਅੱਜ ਅਜਿਹੇ ਸੂਪ ਦੀ ਗੱਲ ਕਰਾਂਗੇ ਜੋ ਹਲਕਾ ਵੀ ਹੈ ਤੇ ਤੁਹਾਡਾ ਪੇਟ ਵੀ ਭਰਿਆ ਰੱਖੇਗਾ। ਇਸ ਨਾਲ ਤੁਹਾਡਾ ਭਾਰ ਵੀ ਕੰਟਰੋਲ ’ਚ ਰਹੇਗਾ। ਆਓ ਜਾਣੀਏ ਉਸ ਸੂਪ ਬਾਰੇ ਜੋ ਤੁਹਾਡੇ ਸਰੀਰ ਲਈ ਚੰਗੇ ਸਾਬਿਤ ਹੋ ਸਕਦੇ ਨੇ :-
ਕਿਸ ਤਰ੍ਹਾਂ ਦੇ ਸੂਪ ਸਰੀਰ ਲਈ ਹੁੰਦੇ ਨੇ ਬੈੱਸਟ?
ਜੇਕਰ ਗੱਲ ਕਰੀਏ ਸਬਜ਼ੀਆਂ ਦੇ ਸੂਪ ਦੀ ਤਾਂ ਇਹ ਸਰੀਰ ਲਈ ਸਭ ਤੋਂ ਵਧੀਆ ਹੁੰਦੇ ਹਨ, ਇਸ ਲਈ ਜਦੋਂ ਵੀ ਸੂਪ ਬਣਾਓ ਤਾਂ ਇਹ ਧਿਆਨ ਰੱਖੋ ਕਿ ਇਸ ’ਚ ਸਬਜ਼ੀਆਂ ਜ਼ਿਆਦਾ ਮਾਤਰਾ ਵਿਚ ਹੋਣ।
ਹਰੀਆਂ ਸਬਜ਼ੀਆਂ ਦਾ ਸੂਪ
ਹਰੀਆਂ ਸਬਜ਼ੀਆਂ ’ਚ ਫਾਈਬਰ ਦੀ ਮਾਤਰਾ ਬਹੁਤ ਹੁੰਦੀ ਹੈ। ਜੋ ਭਾਰ ਘਟਾਉਣ ਲਈ ਸਭ ਤੋਂ ਅਹਿਮ ਹੈ। ਗੋਭੀ, ਗਾਜਰ, ਮਟਰ, ਪਾਲਕ ਨੂੰ ਹਲਕੀ ਸਟੀਮ ਦੇ ਕੇ ਤੇ ਅੱਧੀਆਂ ਨੂੰ ਮੈਸ਼ ਕਰ ਲਓ ਤੇ ਅੱਧੀਆਂ ਨੂੰ ਉਂਵੇ ਹੀ ਰਹਿਣ ਦਿਓ। ਉਬਾਲਣ ਤੋਂ ਬਾਅਦ ਬਚੇ ਹੋਏ ਪਾਣੀ ਨੂੰ ਸੁੱਟੋ ਨਹੀਂ, ਬਲਕਿ ਮੈਸ਼ ਕੀਤੀਆਂ ਹੋਈਆਂ ਸਬਜ਼ੀਆਂ ’ਚ ਪਾ ਕੇ ਸੂਪ ਵਰਗਾ ਬਣਾਓ। ਜਦੋਂ ਸੂਪ ਵਰਗਾ ਨਜ਼ਰ ਆਵੇ ਤਾਂ ਇਸ ’ਚ ਸਾਬਤ ਸਬਜ਼ੀਆਂ, ਕਾਲੀ ਮਿਰਚ ਤੇ ਸਵਾਦ ਅਨੁਸਾਰ ਨਮਕ ਪਾ ਕੇ ਇਸ ਨੂੰ ਸਰਵ ਕਰੋ।
ਕਲੀਅਰ ਸੂਪ
ਇਸ ਸੂਪ ਨੂੰ ਘਰ ’ਚ ਤਿਆਰ ਕਰਨ ਲਈ ਆਪਣੀ ਮਨਪਸੰਦ ਸਬਜ਼ੀਆਂ ਨੂੰ ਹਲਕਾ ਉਬਾਲ ਲਓ। ਇਸ ਉਪਰੰਤ ਇਸ ਨੂੰ ਪੀਸ ਲਓ। ਇਸ ਸੂਪ ’ਚ ਬਹੁਤ ਸਾਰੇ ਨਿਊਟਰੀਸ਼ਨ ਦੇ ਨਾਲ-ਨਾਲ ਫਾਈਬਰ ਦੀ ਵੀ ਕਾਫ਼ੀ ਮਾਤਰਾ ਹੁੰਦੀ ਹੈ। ਸਵਾਦ ਵਧਾਉਣ ਲਈ ਇਸ ’ਚ ਕਾਲੀ ਮਿਰਚ ਤੇ ਲੱਸੁਣ ਵੀ ਪਾ ਸਕਦੇ ਹੋ।
ਪੱਤਾ ਗੋਭੀ ਸੂਪ
ਪੱਤਾ ਗੋਭੀ ਸੂਪ ’ਚ ਗਾਜਰ, ਮਟਰ, ਸ਼ਿਮਲਾ ਮਿਰਚ ਤੇ ਪਾਲਕ ਵੀ ਪਾ ਸਕਦੇ ਹੋ। ਇਨ੍ਹਾਂ ਸਾਰੀਆਂ ਸਬਜ਼ੀਆਂ ਨੂੰ ਉਬਾਲ ਕੇ ਤੇ ਫਿਰ ਮਿਕਸੀ 'ਚ ਪੇਸਟ ਬਣਾ ਲਓ। ਜੀਰੇ, ਲੱਸੁਣ ਤੇ ਹਰੀ ਮਿਰਚ ਦਾ ਤੜਕਾ ਲਗਾ ਕੇ ਇਸ ਦਾ ਸਵਾਦ ਹੋਰ ਵਧਾ ਸਕਦੇ ਹੋ।