ਨਵੀਂ ਦਿੱਲੀ (ਰਾਘਵ) : ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਚੁਣਨ ਲਈ ਅੱਜ ਬੈਠਕ ਕਰਨਗੇ, ਜਿਸ ਨਾਲ ਉਨ੍ਹਾਂ ਦੇ ਤੀਜੇ ਕਾਰਜਕਾਲ ਲਈ 9 ਜੂਨ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦਾ ਰਾਹ ਪੱਧਰਾ ਹੋ ਜਾਵੇਗਾ। ਇਹ ਮੀਟਿੰਗ ਅੱਜ ਸਵੇਰੇ 11 ਵਜੇ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਵੇਗੀ। ਇਸ 'ਚ ਸੰਸਦ ਮੈਂਬਰਾਂ 'ਚ ਮੰਤਰਾਲਿਆਂ ਦੀ ਵੰਡ 'ਤੇ ਵੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸੇ ਸਿਲਸਿਲੇ ਵਿੱਚ ਵੀਰਵਾਰ ਤੋਂ ਹੀ ਦਿੱਲੀ ਵਿੱਚ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਤਹਿਤ ਦਿੱਲੀ ਵਿੱਚ ਜੇਡੀਯੂ(JDU) ਦੇ ਆਗੂ ਅੱਜ ਸਵੇਰੇ ਹੀ ਪਾਰਟੀ ਦੀ ਸੰਸਦੀ ਦਲ ਦੀ ਮੀਟਿੰਗ ਲਈ ਬਿਹਾਰ ਦੇ ਮੁੱਖ ਮੰਤਰੀ ਅਤੇ ਪਾਰਟੀ ਆਗੂ ਨਿਤੀਸ਼ ਕੁਮਾਰ ਦੀ ਰਿਹਾਇਸ਼ ’ਤੇ ਪੁੱਜਣੇ ਸ਼ੁਰੂ ਹੋ ਗਏ ਹਨ। ਸ਼ਿਵ ਸੈਨਾ ਸ਼ਿੰਦੇ ਧੜੇ ਦੇ ਪ੍ਰਧਾਨ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੀ NDA ਦੀ ਬੈਠਕ ਲਈ ਦਿੱਲੀ ਪਹੁੰਚ ਗਏ ਹਨ। ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੇ 293 ਸੰਸਦ ਮੈਂਬਰ ਹਨ, ਜੋ ਕਿ 543 ਮੈਂਬਰੀ ਲੋਕ ਸਭਾ ਵਿੱਚ 272 ਦੇ ਬਹੁਮਤ ਦੇ ਅੰਕੜੇ ਤੋਂ ਬਹੁਤ ਜ਼ਿਆਦਾ ਹਨ। ਅਮਿਤ ਸ਼ਾਹ, ਰਾਜਨਾਥ ਸਿੰਘ ਅਤੇ ਜੇਪੀ ਨੱਡਾ ਸਮੇਤ ਭਾਜਪਾ ਦੇ ਸੀਨੀਅਰ ਨੇਤਾ ਵੀ ਨਵੀਂ ਸਰਕਾਰ ਵਿੱਚ ਆਪਣੀ ਪ੍ਰਤੀਨਿਧਤਾ ਲਈ ਇੱਕ ਦੋਸਤਾਨਾ ਫਾਰਮੂਲਾ ਬਣਾਉਣ ਲਈ ਸਹਿਯੋਗੀ ਪਾਰਟੀਆਂ ਨਾਲ ਚਰਚਾ ਕਰਨਗੇ।