ਰੋਪੜ (ਦੇਵ ਇੰਦਰਜੀਤ) : ਪੰਜਾਬ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਵੱਡੀ ਰਾਹਤ ਮਿਲ ਗਈ ਹੈ, ਜਿਸ ਦੇ ਚੱਲਦੇ ਪੀ.ਐੱਸ.ਪੀ.ਸੀ.ਐੱਲ. ਦੇ ਵੱਲੋਂ ਬਿਜਲੀ ਦੀ ਘੱਟੀ ਮੰਗ ਨੂੰ ਦੇਖਦੇ ਹੋਏ ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਵੀ ਬੰਦ ਕਰ ਦਿੱਤੇ ਗਏ ਹਨ। ਥਰਮਲ ਪਲਾਂਟ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੂਪਨਗਰ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 03,04 ਅਤੇ 05 ਨੰਬਰ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਹੈ।
ਬਾਰਿਸ਼ ਤੋਂ ਬਾਅਦ ਮੌਸਮ ਵਿੱਚ ਆਈ ਠੰਡਕ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਘਟੀ ਹੈ, ਜਿਸ ਦੇ ਚੱਲਦੇ ਮੈਨੇਜਮੈਂਟ ਵੱਲੋਂ ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਅੱਜ ਸਵੇਰੇ ਸੱਤ ਵੱਜ ਕੇ ਵੀਹ ਮਿੰਟ ’ਤੇ ਚਾਰ ਨੰਬਰ ਯੂਨਿਟ ਨੂੰ ਬੰਦ ਕੀਤਾ ਗਿਆ। ਉਸ ਤੋਂ ਬਾਅਦ ਇੱਕ ਵੱਜ ਕੇ ਤੀਹ ਮਿੰਟ ’ਤੇ ਪੰਜ ਨੰਬਰ ਯੂਨਿਟ ਬੰਦ ਕੀਤਾ ਗਿਆ ਅਤੇ ਤਿੰਨ ਵੱਜ ਕੇ ਪੰਜ ਮਿੰਟ ਤਿੰਨ ਨੰਬਰ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਹੈ । ਇਸ ਸਮੇਂ ਸਿਰਫ਼ 06 ਨੰਬਰ ਯੂਨਿਟ 160 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ । ਰੂਪਨਗਰ ਥਰਮਲ ਪਲਾਂਟ ਦੀ 840 ਮੈਗਾਵਾਟ ਸਮਰੱਥਾ ਹੈ, ਜਿਸ ਵਿੱਚ 210 ਮੈਗਾਵਾਟ ਦੇ ਚਾਰ ਯੂਨਿਟ ਹਨ। ਬੀਤੇ ਦਿਨੀਂ ਪੰਜਾਬ ਵਿੱਚ ਬਿਜਲੀ ਸੰਕਟ ਦੌਰਾਨ ਇਸ ਥਰਮਲ ਪਲਾਂਟ ਨੇ ਬਿਜਲੀ ਪੂਰਤੀ ਲਈ ਕਾਫੀ ਯੋਗਦਾਨ ਦਿੱਤਾ।