ਦਿੱਲੀ (ਦੇਵ ਇੰਦਰਜੀਤ) : ਸੀ. ਆਈ. ਐੱਸ. ਸੀ. ਈ. ਦੇ ਸਕੱਤਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਰਾਥੂਨ ਨੇ ਕਿਹਾ ਕਿ ਦੇਸ਼ ਵਿਚ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ, ਸੀ. ਆਈ. ਐੱਸ. ਸੀ. ਈ. ਨੇ 10ਵੀਂ ਬੋਰਡ ਦੇ ਇਮਤਿਹਾਨ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਕੋਰੋਨਾ ਕਾਰਨ ਬੱਚਿਆਂ ਦੀ ਪੜ੍ਹਾਈ ’ਤੇ ਵਧੇਰੇ ਅਸਰ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਸਕੂਲ ਬੰਦ ਹਨ ਅਤੇ ਇਮਤਿਹਾਨਾਂ ਦਾ ਸਮਾਂ ਹੈ। ਕੋਰੋਨਾ ਕੇਸਾਂ ਦੇ ਵਾਧੇ ਨੂੰ ਵੇਖਦਿਆਂ ਕੌਂਸਲ ਆਫ਼ ਦਿ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜਾਮਿਨੇਸ਼ਨ ਨੇ ਆਈਸੀਐਸਈ 10ਵੀਂ ਜਮਾਤ 2021 ਦੇ ਇਮਤਿਹਾਨ ਰੱਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਵਿਦਿਆਰਥੀਆਂ ਤੋਂ ਬਾਅਦ ਵਿਚ ਇਮਤਿਹਾਨ ਦੇਣ ਦੇ ਬਦਲ ਨੂੰ ਵੀ ਵਾਪਸ ਲੈ ਲਿਆ ਹੈ। ਬੋਰਡ ਦੇ ਸਕੱਤਰ ਜੇਰੀ ਅਰਾਥੂਨ ਨੇ ਮੰਗਲਵਾਰ ਯਾਨੀ ਕਿ ਅੱਜ ਇਸ ਦਾ ਐਲਾਨ ਕੀਤਾ।
ਪਿਛਲੇ ਹਫ਼ਤੇ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ ਨੂੰ ਮੁਲਤਵੀ ਕਰ ਦਿੱਤਾ ਸੀ। ਕੌਂਸਲ ਆਫ਼ ਦਿ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜਾਮਿਨੇਸ਼ਨ ਨੇ ਐਲਾਨ ਕੀਤਾ ਸੀ ਕਿ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਾਅਦ ’ਚ ਇਮਤਿਹਾਨ ਦੇਣ ਜਾਂ ਬਦਲਵੇਂ ਮਾਪਦੰਡਾਂ ਦੇ ਆਧਾਰ ’ਤੇ ਉਨ੍ਹਾਂ ਦੇ ਮੁਲਾਂਕਣ ਕਰਨ ਦਾ ਮੌਕਾ ਮਿਲੇਗਾ।ਵਿਦਿਆਰਥੀਆਂ ਦੀ ਸੁਰੱਖਿਆ ਪਹਿਲੀ ਤਰਜੀਹ ਹੈ। ਅਸੀਂ ਜਮਾਤ 10ਵੀਂ ਦੇ ਨਤੀਜੇ ਐਲਾਨ ਕਰਨ ਲਈ ਇਕ ਨਿਰਪੱਖ ਮਾਪਦੰਡ ਤਿਆਰ ਕਰਨ ਲਈ ਵਚਨਬੱਧ ਹਾਂ। ਨਤੀਜੇ ਐਲਾਨ ਕਰਨ ਦੀ ਤਾਰੀਖ਼ ਬਾਅਦ ਵਿਚ ਤੈਅ ਕੀਤੀ ਜਾਵੇਗੀ।