ਨਵੀਂ ਦਿੱਲੀ (ਦੇਵ ਇੰਦਰਜੀਤ)- ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪੱਤਰਕਾਰ, ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨ ਆਗੂਆਂ ਤੇ ਸਿੱਖਸ ਫਾਰ ਜਸਟਿਸ ਮਾਮਲੇ ਨਾਲ ਸਬੰਧਤ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਨੋਟਿਸ ਜਾਰੀ ਕਰ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਹੈ।
ਐਨ.ਆਈ.ਏ. ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਜਾਂਚ ਵਿਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਏਜੰਸੀ ਨੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਨੂੰ ਵੀ ਨੋਟਿਸ ਭੇਜਿਆ ਹੈ ਪਰ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਪਰਿਵਾਰਕ ਰੁਝੇਵਿਆਂ ਕਾਰਨ ੲੰਜੰਸੀ ਦੀ ਜਾਂਚ ਵਿਚ ਸ਼ਾਮਲ ਨਹੀਂ ਹੋਵੇਗਾ।ਓਥੇ ਹੀ ਐੱਨ.ਆਈ.ਏ. ਵੱਲੋਂ ਅੰਮ੍ਰਿਤਸਰ ਦੇ 2 ਸਿੱਖ ਨੌਜਵਾਨਾਂ ਨੂੰ ਨੋਟਿਸ ਭੇਜ ਕੇ ਜਾਂਚ ਵਾਸਤੇ ਦਿਲੀ ਸੱਦਿਆ ਗਿਆ ਹੈ। ਏਜੰਸੀ ਨੇ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਦਮਦਮੀ ਅਤੇ ਸਿੱਖ ਯੂਥ ਪਾਵਰ ਆਫ ਪੰਜਾਬ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੂੰ ਸੰਮਨ ਭੇਜੇ ਹਨ। ਜਾਂਚ ਏਜੰਸੀ ਦੇ ਅਧਿਕਾਰੀ ਵੱਲੋਂ ਸੰਮਨ ਵਿੱਚ ਇਨ੍ਹਾਂ ਨੂੰ ਵੱਖ-ਵੱਖ ਧਾਰਾਵਾਂ ਹੇਠ ਦਰਜ ਮਾਮਲਿਆਂ ਵਿੱਚ ਜਾਂਚ ਸ਼ਾਮਲ ’ਚ ਸ਼ਾਮਲ ਹੋਣ ਲਈ ਕਿਹਾ ਹੈ।
ਰਣਜੀਤ ਸਿੰਘ ਦਮਦਮੀ ਨੇ ਦੱਸਿਆ ਕਿ ਉਸ ਨੂੰ 21 ਜਨਵਰੀ ਨੂੰ ਦਿੱਲੀ ਵਿਖੇ ਐੱਨ.ਆਈ.ਏ. ਦੇ ਦਫਤਰ ਵਿਚ ਪੁੱਜਣ ਲਈ ਆਖਿਆ ਗਿਆ ਹੈ। ਉਹ ਕੁਝ ਦਿਨ ਪਹਿਲਾਂ ਦਿੱਲੀ ਜਿੱਥੇ ਕਿਸਾਨ ਸੰਘਰਸ਼ ਚੱਲ ਰਿਹਾ ਹੈ ਵਿਖੇ ਗਿਆ ਸੀ ਅਤੇ ਉਥੇ ਕਿਤਾਬਾਂ ਤੇ ਦਸਤਾਰਾਂ ਵੰਡੀਆਂ ਸਨ। ਇਸ ਮਾਮਲੇ ਵਿਚ ਆਪਣੇ ਵਕੀਲ ਨਾਲ ਵੀ ਸਲਾਹ ਕੀਤੀ ਹੈ ਜਿਸ ਨੇ ਦੱਸਿਆ ਕਿ ਉਸ ਨੂੰ ਕਿਸੇ ਕੇਸ ਦੇ ਸਬੰਧ ਵਿੱਚ ਗਵਾਹ ਵਜੋਂ ਪੁੱਛ ਪੜਤਾਲ ਲਈ ਬੁਲਾਇਆ ਹੈ। ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਉਸ ਨੂੰ ਵੀ ਸੰਮਨ ਮਿਲੇ ਹਨ ਅਤੇ 18 ਜਨਵਰੀ ਨੂੰ ਦਿੱਲੀ ਸੱਦਿਆ ਹੈ। ਉਸ ਦੇ ਕੁਝ ਹੋਰ ਸਾਥੀਆਂ ਨੂੰ ਵੀ ਦਿੱਲੀ ਸੱਦਿਆ ਗਿਆ ਹੈ। ਇਹ ਕੇਸ ਕਿਸੇ ਹੋਰ ਖ਼ਿਲਾਫ਼ ਦਰਜ ਹੈ ਪਰ ਉਨ੍ਹਾਂ ਨੂੰ ਇਸ ਕੇਸ ਦੇ ਸਬੰਧ ਵਿਚ ਸਿਰਫ਼ ਪੁੱਛ-ਪੜਤਲ ਵਾਸਤੇ ਹੀ ਸੱਦਿਆ ਹੈ।