ਨਵੀਂ ਦਿੱਲੀ (ਦੇਵ ਇੰਦਰਜੀਤ)- ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਅੱਜ ਕਿਸਾਨ ਆਗੂਆਂ ਸਮੇਤ ਹੋਰ ਲੋਕਾਂ ਨੂੰ 50 ਸੱਜਰੇ ਨੋਟਿਸ ਭੇਜੇ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ 44 ਵਿਅਕਤੀਆਂ ਨੂੰ ਸੰਮਨ ਜਾਰੀ ਕੀਤੇ ਸਨ।
ਪੁਲੀਸ ਨੇ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਵੀਡੀਓ ਰਾਹੀਂ ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਹੋਈ ਹਿੰਸਾ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਕਈ ਵਿਅਕਤੀਆਂ ਦੀ ਸ਼ਨਾਖਤ ਕੀਤੀ ਹੈ। ਅਧਿਕਾਰੀਆਂ ਨੇ ਕਈ ਟਰੈਕਟਰਾਂ ਦੀ ਪਛਾਣ ਵੀ ਕਰ ਲਈ ਹੈ ਤੇ ਜਾਂਚ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਮਾਲਕਾਂ ਨੂੰ ਸੰਮਨ ਭੇਜੇ ਜਾ ਰਹੇ ਹਨ। ਹੁਣ ਤਕ ਦਿੱਲੀ ਪੁਲੀਸ ਨੇ ਲਗਪਗ 80 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ 26 ਜਨਵਰੀ ਨੂੰ ਹੋਈ ਹਿੰਸਾ ਨਾਲ ਸਬੰਧਤ 38 ਐਫਆਈਆਰਜ ਦਰਜ ਕੀਤੀਆਂ ਗਈਆਂ ਹਨ।
ਅਧਿਕਾਰੀਆਂ ਨੇ ਹਿੰਸਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਸ਼ਨਾਖਤ ਲਈ 3000 ਤੋਂ ਵੱਧ ਵੀਡੀਓ ਤੇ 200 ਈਮੇਲਾਂ ਪ੍ਰਾਪਤ ਕੀਤੀਆਂ ਹਨ ਤੇ ਉਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ 200 ਦੇ ਲਗਪਗ ਵਟਸਐਪ ਗਰੁੱਪਾਂ ਦੀ ਪਛਾਣ ਕੀਤੀ ਗਈ ਹੈ।