ਉਨਟਾਰੀਓ (ਦੇਵ ਇੰਦਰਜੀਤ) : ਇਸ ਸਮੇਂ ਕੈਨੇਡਾ ਕੋਲ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਹਰੇਕ ਯੋਗ ਵਿਅਕਤੀ ਦਾ ਟੀਕਾਕਰਣ ਕਰਨ ਲਈ ਵਾਧੂ ਮਾਤਰਾ ਵਿੱਚ ਵੈਕਸੀਨ ਹੈ। ਮੰਗਲਵਾਰ ਤੱਕ 66 ਮਿਲੀਅਨ ਡੋਜ਼ਾਂ ਕੈਨੇਡਾ ਨੂੰ ਹਾਸਲ ਹੋ ਚੁੱਕੀਆਂ ਹਨ।ਇਹ ਖੁਲਾਸਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤਾ ਗਿਆ।
ਪ੍ਰਧਕਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੌਂਕਟਨ, ਐਨ ਬੀ ਵੈਕਸੀਨੇਸ਼ਨ ਕਲੀਨਿਕ ਉੱਤੇ ਇਸ ਸਬੰਧ ਵਿੱਚ ਐਲਾਨ ਕੀਤਾ। ਟਰੂਡੋ ਨੇ ਆਖਿਆ ਕਿ ਸਿਆਲਾਂ ਵਿੱਚ ਉਨ੍ਹਾਂ ਵਾਅਦਾ ਕੀਤਾ ਸੀ ਕਿ ਸਤੰਬਰ ਦੇ ਅੰਤ ਤੱਕ ਸਾਰੇ ਯੋਗ ਕੈਨੇਡੀਅਨਜ਼ ਲਈ ਵਾਧੂ ਵੈਕਸੀਨ ਹੋਵੇਗੀ। ਟਰੂਡੋ ਨੇ ਆਖਿਆ ਕਿ ਉਨ੍ਹਾਂ ਨਾ ਸਿਰਫ ਆਪਣਾ ਵਾਅਦਾ ਪੁਗਾਇਆ ਹੈ ਸਗੋਂ ਇਸ ਵਾਅਦੇ ਨੂੰ ਦੋ ਮਹੀਨੇ ਪਹਿਲਾਂ ਹੀ ਪੂਰਾ ਕਰ ਲਿਆ ਹੈ। ਜੂਨ ਵਿੱਚ ਟਰੂਡੋ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਇਸ ਮਹੀਨੇ ਦੇ ਅੰਤ ਤੱਕ ਕੈਨੇਡਾ ਨੂੰ ਕੋਵਿਡ-19 ਵੈਕਸੀਨ ਦੀਆਂ 68 ਮਿਲੀਅਨ ਡੋਜ਼ਾਂ ਹਾਸਲ ਹੋ ਜਾਣਗੀਆਂ। ਉਨ੍ਹਾਂ ਇਹ ਆਖਿਆ ਸੀ ਕਿ ਸਾਰੇ ਕੈਨੇਡੀਅਨਜ਼ ਨੂੰ ਗਰਮੀਆਂ ਤੱਕ ਇੱਕ ਡੋਜ਼ ਤੇ ਇਸ ਸਾਲ ਦੇ ਅੰਤ ਤੱਕ ਦੋ ਡੋਜ਼ਾਂ ਲੱਗ ਜਾਣਗੀਆਂ।
ਪੋ੍ਰਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਵੀ ਮੰਗਲਵਾਰ ਨੂੰ ਟਰੂਡੋ ਦੇ ਇਸ ਬਿਆਨ ਦਾ ਸਮਰਥਨ ਕੀਤਾ।ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਇਸ ਹਫਤੇ ਦੇ ਅੰਤ ਤੱਕ ਕੈਨੇਡਾ ਨੂੰ 68 ਮਿਲੀਅਨ ਸ਼ੌਟਸ ਹਾਸਲ ਹੋ ਜਾਣਗੇ। ਇੱਕ ਰਿਪੋਰਟ ਮੁਤਾਬਕ ਮੰਗਲਵਾਰ ਸਵੇਰ ਤੱਕ 80 ਫੀ ਸਦੀ ਕੈਨੇਡੀਅਨਜ਼ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਤੇ 63 ਫੀ ਸਦੀ ਕੈਨੇਡੀਅਨਜ਼ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ। ਇੱਕ ਵਾਰੀ ਕੁੱਝ ਮਹੀਨਿਆਂ ਨਾਲ ਪਛੜਨ ਤੋਂ ਬਾਅਦ ਇਸ ਸਮੇਂ ਕੈਨੇਡਾ ਹੋਰਨਾਂ ਜੀ-7 ਮੁਲਕਾਂ ਨਾਲੋਂ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਸੱਭ ਤੋਂ ਅੱਗੇ ਚੱਲ ਰਿਹਾ ਹੈ।
ਵੈਸੇ ਤਾਂ ਬਹੁਤੇ ਕੈਨੇਡੀਅਨ ਵੈਕਸੀਨ ਲਵਾ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਕੈਨੇਡੀਅਨਜ਼ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਕਿਸੇ ਝਿਜਕ ਕਾਰਨ ਤੇ ਜਾਂ ਫਿਰ ਕੁੱਝ ਹੋਰਨਾਂ ਕਾਰਨਾਂ ਕਰਕੇ ਅਜੇ ਤੱਕ ਵੈਕਸੀਨੇਸ਼ਨ ਨਹੀਂ ਕਰਵਾਈ।ਟਰੂਡੋ ਹੁਣ ਤੱਕ ਵੈਕਸੀਨੇਸ਼ਨ ਨਾ ਕਰਵਾ ਸਕਣ ਵਾਲੇ ਕੈਨੇਡੀਅਨਜ਼ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਹੈਲਥ ਕੈਨੇਡਾ ਵੱਲੋਂ ਇਸ ਵੈਕਸੀਨ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਦੱਸਿਆ ਗਿਆ ਹੈ।ਟਰੂਡੋ ਨੇ ਆਖਿਆ ਕਿ ਹੁਣ ਹਰੇਕ ਕੈਨੇਡੀਅਨ ਲਈ ਵਾਧੂ ਡੋਜ਼ ਹੋਣ ਕਾਰਨ ਵੈਕਸੀਨ ਨਾ ਲਵਾਉਣ ਲਈ ਕਿਸੇ ਦਾ ਕੋਈ ਬਹਾਨਾ ਨਹੀਂ ਚੱਲ ਸਕਦਾ