ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 9ਵਾਂ ਦਿਨ ਹੈ ਤੇ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਹਾਲੇ ਵੀ ਉਥੇ ਹੀ ਫਸੇ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਸਰਕਾਰ ਨੇ "ਆਪਰੇਸ਼ਨ ਗੰਗਾ" ਮੁਹਿੰਮ ਸ਼ੁਰੂ ਕੀਤੀ ਹੈ। ਹਜ਼ਾਰਾਂ ਵਿਦਿਆਰਥੀਆਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਰ ਸਾਲ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਵਰਗੇ ਦੇਸ਼ਾਂ 'ਚ ਜਾਂਦੇ ਹਨ ਪਰ ਹੁਣ ਦੇਸ਼ ਦੇ ਨਿੱਜੀ ਖੇਤਰ 'ਚ ਹੋਰ ਮੈਡੀਕਲ ਕਾਲਜ ਖੁੱਲ੍ਹ ਸਕਦੇ ਹਨ।
ਦੇਸ਼ ਦੇ ਮੰਨੇ-ਪ੍ਰਮੰਨੇ ਸਨਅਤਕਾਰ ਤੇ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ 'ਇਕ ਨਿੱਜੀ ਨਿਊਜ਼ ਏਜੰਸੀ ਦੀ ਰਿਪੋਰਟ ਦੇ ਨਾਲ ਟਵੀਟ ਕੀਤਾ, 'ਮੈਨੂੰ ਨਹੀਂ ਪਤਾ ਸੀ ਕਿ ਦੇਸ਼ 'ਚ ਮੈਡੀਕਲ ਕਾਲਜਾਂ ਦੀ ਇੰਨੀ ਕਮੀ ਹੈ।' ਉਨ੍ਹਾਂ ਨੇ ਟੈਕ ਮਹਿੰਦਰਾ ਦੇ ਸੀਈਓ ਸੀਪੀ ਗੁਰਨਾਨੀ ਨੂੰ ਟੈਗ ਕੀਤਾ ਤੇ ਪੁੱਛਿਆ ਕਿ ਕੀ ਅਸੀਂ ਮਹਿੰਦਰਾ ਯੂਨੀਵਰਸਿਟੀ 'ਚ ਮੈਡੀਕਲ ਕਾਲਜ ਖੋਲ੍ਹਣ ਬਾਰੇ ਵਿਚਾਰ ਕਰ ਸਕਦੇ ਹਾਂ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, ਹਰ ਸਾਲ ਹਜ਼ਾਰਾਂ ਭਾਰਤੀ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਕਰਨ ਲਈ ਵਿਦੇਸ਼ਾਂ 'ਚ ਜਾਂਦੇ ਹਨ। ਆਂਕੜਿਆਂ ਅਨੁਸਾਰ ਚੀਨ 'ਚ 23 ਹਜ਼ਾਰ, ਯੂਕਰੇਨ 'ਚ 18 ਹਜ਼ਾਰ, ਰੂਸ 'ਚ 16,500, ਫਿਲੀਪੀਨਜ਼ 'ਚ 15 ਹਜ਼ਾਰ, ਕਿਰਗਿਸਤਾਨ ਵਿਚ ਦਸ ਹਜ਼ਾਰ, ਜਾਰਜੀਆ ਵਿਚ 7500 ਭਾਰਤੀ ਵਿਦਿਆਰਥੀ ਹਨ ਜਿਹੜੇ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ।