ਨਵੀਂ ਦਿੱਲੀ (ਦੇਵ ਇੰਦਰਜੀਤ)- ਭਾਰਤ ਅੱਜ ਆਪਣਾ 72ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਸਾਲ 2021 ਦਾ ਗਣਤੰਤਰ ਦਿਹਾੜਾ ਪਿਛਲੇ ਸਾਲਾਂ ਨਾਲੋਂ ਬਹੁਤ ਵੱਖਰਾ ਹੈ।
ਇਸ ਵਾਰ ਪਰੇਡ ਦੇਖਣ ਵਾਲੇ ਲੋਕਾਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਨਾਲ ਹੀ 15 ਸਾਲ ਤੋਂ ਛੋਟੇ ਬੱਚਿਆਂ ਨੂੰ ਵੀ ਇੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਓਥੇ ਹੀ ਇਸ ਸਾਲ ਗਣਤੰਤਰ ਦਿਵਸ 'ਤੇ ਕੋਈ ਮੁੱਖ ਮਹਿਮਾਨ ਵੀ ਨਹੀਂ ਆਇਆ, ਅਜਿਹਾ 55 ਸਾਲਾਂ ਤੋਂ ਬਾਦ ਹੋਇਆ ਹੈ ਜਦ ਕੋਈ ਮੁੱਖ ਮਹਿਮਾਨ ਨਹੀਂ ਆ ਸਕਿਆ। ਪਹਿਲਾਂ ਬ੍ਰਿਟਿਸ਼ ਪੀ. ਐੱਮ. ਬੋਰਿਸ ਜਾਨਸਨ ਨੂੰ ਭਾਰਤ ਆਉਣ ਲਈ ਸੱਦਾ ਦਿੱਤਾ ਗਿਆ ਸੀ ਪਰ ਬ੍ਰਿਟੇਨ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਫੈਲਣ ਕਾਰਨ ਉਨ੍ਹਾਂ ਨੂੰ ਆਪਣੀ ਯਾਤਰਾ ਰੱਦ ਕਰਨੀ ਪਈ।
ਇਸ ਤੋਂ ਪਹਿਲਾਂ 1952, 1953 ਅਤੇ 1966 ਵਿਚ ਵੀ ਗਣਤੰਤਰ ਦਿਹਾੜੇ 'ਤੇ ਕੋਈ ਮੁੱਖ ਮਹਿਮਾਨ ਨਹੀਂ ਆਇਆ ਸੀ। ਇਸ ਵਾਰ ਪਰੇਡ ਰਾਸ਼ਟਰਪਤੀ ਭਵਨ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ 'ਤੇ ਖ਼ਤਮ ਹੋਵੇਗੀ। ਇਸ ਮਗਰੋਂ ਵਿਜੈ ਚੌਂਕ ਤੋਂ ਰਾਜਪਥ, ਅਮਰ ਜਵਾਨ ਜੋਤੀ, ਇੰਡੀਆ ਗੇਟ ਪ੍ਰਿੰਸਸ ਪੈਲਸ, ਤਿਲਕ ਮਾਰਗ ਤੋਂ ਹੁੰਦੀ ਹੋਈ ਅਖ਼ੀਰ ਵਿਚ ਇੰਡੀਆ ਗੇਟ ਤੱਕ ਆਵੇਗੀ।