by mediateam
ਇਸਲਾਮਾਬਾਦ (Vikram Sehajpal) : ਪਾਕਿਸਤਾਨ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਅਜੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ, ਪਰ ਇਹ ਗੁਰੂ ਨਾਨਕ ਦੇਵ ਜੀ ਦੇ 12 ਨਵੰਬਰ ਨੂੰ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਸਮੇਂ 'ਤੇ ਖੋਲ੍ਹ ਦਿੱਤਾ ਜਾਵੇਗਾ। ਕਰੀਬ ਮਹੀਨਾ ਪਹਿਲਾਂ ਲਾਂਘਾ ਪ੍ਰੋਜੈਕਟ ਦੇ ਇਕ ਸੀਨੀਅਰ ਅਧਿਕਾਰੀ ਨੇ ਐਲਾਨਿਆ ਸੀ ਕਿ ਭਾਰਤੀ ਸ਼ਰਧਾਲੂ 9 ਨਵੰਬਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੁਹੰਮਦ ਫੈਸਲ ਨੇ ਵੀਰਵਾਰ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਾਅਦੇ ਮੁਤਾਬਕ ਲਾਂਘੇ ਦਾ ਕੰਮ ਵਕਤ 'ਤੇ ਮੁਕੰਮਲ ਹੋ ਜਾਵੇਗਾ। ਇਸ ਦਾ ਸਮੇਂ ਸਿਰ ਉਦਘਾਟਨ ਹੋਵੇਗਾ, ਪਰ ਉਹ ਇਸ ਵੇਲੇ ਪੱਕੀ ਤਰੀਕ ਨਹੀਂ ਦੱਸ ਸਕਦੇ। ਉਨ੍ਹਾ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਰਸਮੀ ਸੱਦਾ-ਪੱਤਰ ਘੱਲ ਦਿੱਤਾ ਗਿਆ ਹੈ।